Moga News : ਵਿਦੇਸ਼ 'ਚ ਘੁਮਾਇਆ, ਮਾਣ-ਸਨਮਾਨ ਵੀ ਦਿੱਤਾ, ਪਰ ਹਜ਼ਮ ਨਾ ਆਇਆ, NRI ਦੇ ਘਰੋਂ ਸੋਨਾ ਤੇ ਨਕਦੀ ਚੋਰੀ ਕਰਨ ਵਾਲੀ ਨੌਕਰਾਣੀ ਕਾਬੂ
Moga News : ਕਹਿੰਦੇ ਹਨ ਕਿ ਇਨਸਾਨ ਨੂੰ ਲੋੜ ਨਾਲੋਂ ਮਿਲਿਆ ਵੱਧ ਮਾਣ-ਸਨਮਾਨ ਵੀ ਕਈ ਵਾਰ ਹਜ਼ਮ ਨਹੀਂ ਹੁੰਦਾ। ਅਜਿਹਾ ਹੀ ਇੱਕ ਮਾਮਲਾ ਮੋਗਾ ਦੇ ਪਿੰਡ ਸਮਾਲਸਰ ਤੋਂ ਸਾਹਮਣੇ ਆਇਆ ਹੈ, ਜਿਥੇ ਬੱਚਿਆਂ ਦੀ ਦੇਖ-ਭਾਲ ਲਈ ਇੱਕ ਐਨ.ਆਰ.ਆਈ ਨੇ ਪਿੰਡ ਦੀ ਇੱਕ ਔਰਤ ਨੂੰ ਕੰਮ 'ਤੇ ਰੱਖਿਆ ਅਤੇ ਵਿਦੇਸ਼ ਵੀ ਘੁਮਾਇਆ, ਪਰ ਔਰਤ ਨੇ ਅਜਿਹਾ ਸਿਲਾ ਦਿੱਤਾ ਕਿ ਐਨ.ਆਰ.ਆਰ. ਦੇ ਘਰ ਵਿੱਚ ਹੀ ਡਾਕਾ ਮਾਰ ਦਿੱਤਾ। ਹਾਲਾਂਕਿ, ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸਮਾਲਸਰ ਦੇ ਰਣਦੀਪ ਸਿੰਘ ਦੇ ਘਰ ਚੋਰੀ ਹੋਈ ਸੀ, ਜੋ ਕਿ ਹਾਂਗਕਾਂਗ ਵਿੱਚ ਰਹਿੰਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਬਾਘਾ ਪੁਰਾਣਾ ਦਿਲਬਾਗ ਸਿੰਘ ਨੇ ਦੱਸਿਆ ਕਿ ਰਣਦੀਪ ਸਿੰਘ ਸੰਧੂ ਹਾਂਗਕਾਂਗ ਵਿੱਚ ਰਹਿੰਦਾ ਹੈ। ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਘਰੋਂ ਸੋਨਾ ਅਤੇ ਨਕਦੀ ਚੋਰੀ ਹੋ ਗਈ ਹੈ ਅਤੇ ਕਿਹਾ ਸੀ ਕਿ ਸਾਨੂੰ ਸ਼ੱਕ ਹੈ ਕਿ ਘਰ 'ਚ ਕੰਮ ਕਰਨ ਵਾਲੀ ਔਰਤ ਸਤਨਾਮ ਕੌਰ ਨੇ ਹੀ ਘਰ ਵਿੱਚੋਂ ਚੋਰੀ ਕੀਤੀ ਹੈ।
ਉਨ੍ਹਾਂ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਮੁੰਡੇ ਸੰਦੀਪ ਸਿੰਘ ਦੀਆਂ ਦੋਵੇਂ ਧੀਆਂ ਦੀ ਦੇਖ-ਭਾਲ ਕਰਨ ਲਈ ਸਤਨਾਮ ਕੌਰ ਨੂੰ ਹਾਂਗਕਾਂਗ ਵੀ ਲੈ ਕੇ ਗਏ ਸੀ ਅਤੇ ਦੋ ਮਹੀਨੇ ਪਹਿਲਾਂ ਹੀ ਵਾਪਸ ਆਏ ਸੀ। ਇਸਤੋਂ ਬਾਅਦ ਹੁਣ ਵੀ ਉਨ੍ਹਾਂ ਨੇ ਸਤਨਾਮ ਕੌਰ ਨੂੰ ਧੀਆਂ ਦੀ ਦੇਖਭਾਲ ਲਈ ਸਮਾਲਸਰ ਵਿਖੇ ਘਰ 'ਚ ਰੱਖਿਆ ਹੋਇਆ ਸੀ।
ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਦੋਂ ਬਾਰੀਕੀ ਨਾਲ ਜਾਂਚ ਕੀਤੀ ਤਾਂ ਸਤਨਾਮ ਕੌਰ ਨੂੰ ਚੋਰੀ ਕੀਤੇ ਸਾਮਾਨ 12 ਤੋਲੇ ਸੋਨਾ ਅਤੇ 70 ਹਜ਼ਾਰ ਦੀ ਨਕਦੀ ਸਮੇਤ ਗ੍ਰਿਫਤਾਰ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- PTC NEWS