ਪਹਾੜਾਂ 'ਚ ਬਰਫ਼ਬਾਰੀ ਨਾਲ ਮੈਦਾਨੀ ਇਲਾਕਿਆਂ 'ਚ ਹੱਡ ਠਾਰਵੀਂ ਠੰਢ, ਫ਼ਰੀਦਕੋਟ ਦਾ ਪਾਰਾ ਮਨਫ਼ੀ 'ਤੇ ਪੁੱਜਾ
ਚੰਡੀਗੜ੍ਹ : ਪਹਾੜਾਂ 'ਤੇ ਬਰਫਬਾਰੀ ਕਾਰਨ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹੇ ਸੀਤ ਲਹਿਰ ਦੀ ਲਪੇਟ 'ਚ ਆ ਗਏ ਹਨ। ਇਸ ਕਾਰਨ ਪੰਜਾਬ 'ਚ ਖਾਸ ਕਰਕੇ ਰਾਤ ਦਾ ਤਾਪਮਾਨ ਮਨਫ਼ੀ ਹੋ ਗਿਆ। ਪੰਜਾਬ ਦੇ ਫਰੀਦਕੋਟ 'ਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ ਮਨਫੀ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਨਾਲ ਇਲਾਕੇ ਦਾ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਉਥੇ ਹੀ ਹਰਿਆਣਾ ਦੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੋਮਵਾਰ ਸਵੇਰੇ ਠੰਢੀਆਂ ਹਵਾਵਾਂ ਚੱਲਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਲੋਕਾਂ ਨੂੰ ਧੁੰਦ ਤੋਂ ਰਾਹਤ ਮਿਲਦੀ ਨਜ਼ਰ ਆਈ।
ਠੰਢ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫ਼ਰੀਦਕੋਟ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ ਇਕ ਡਿਗਰੀ ਉਤੇ ਆ ਗਿਆ ਜਦਕਿ ਮੋਗਾ ਤੇ ਮੁਹਾਲੀ ਵਿਚ ਘੱਟੋ-ਘੱਟ ਤਾਪਮਾਨ 0.4 ਤੇ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਸਰਦੀ ਦੀ ਸੀਜ਼ਨ ਦੌਰਾਨ ਪਹਿਲੀ ਵਾਰ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿਚ ਘੱਟੋ-ਘੱਟ ਤਾਪਮਾਨ ਇੰਨਾ ਹੇਠਾਂ ਆਇਆ ਹੈ।
ਦੂਜੇ ਪਾਸੇ ਬਠਿੰਡੇ ਵਿਚ ਘੱਟੋ-ਘੱਟ ਤਾਪਮਾਨ 1.0 ਡਿਗਰੀ, ਅੰਮ੍ਰਿਤਸਰ ਵਿਚ 1.6 ਡਿਗਰੀ ਤੇ ਬਰਨਾਲਾ ਵਿਚ 1.9 ਡਿਗਰੀ ਸੈਲਸੀਅਸ ਰਿਹਾ ਜਦਕਿ ਜਲੰਧਰ ਵਿਚ 2.0 ਡਿਗਰੀ, ਮੁਕਤਸਰ ਵਿਚ 2.3 ਡਿਗਰੀ, ਪਟਿਆਲੇ ਵਿਚ 3.0 ਡਿਗਰੀ ਤੇ ਲੁਧਿਆਣੇ ਵਿਚ 4.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ, ਆਉਣ ਵਾਲੇ ਦੋ ਦਿਨਾਂ ਤੱਕ ਠੰਢ ਕਾਫ਼ੀ ਜ਼ਿਆਦਾ ਪੈਣ ਵਾਲੀ ਹੈ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਜਕੁਮਾਰ ਨੇ ਦਿੱਤਾ ਅਸਤੀਫ਼ਾ
ਵਿਭਾਗ ਨੇ ਪੰਜਾਬ ਵਿਚ 17 ਜਨਵਰੀ ਤੱਕ ਸੀਤ ਲਹਿਰ ਦੀ ਪੇਸ਼ੀਨਗੋਈ ਕੀਤੀ ਹੈ। ਕਈ ਜ਼ਿਲ੍ਹਿਆਂ ਵਿਚ ਸਵੇਰ ਤੇ ਰਾਤ ਸਮੇਂ ਸੰਘਣੀ ਧੁੰਦ ਦੇ ਨਾਲ ਪਾਲਾ ਡਿੱਗਣ ਦੀ ਵੀ ਸੰਭਾਵਨਾ ਹੈ। ਇਸ ਬਾਰੇ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ, ਅਗਲੇ ਚਾਰ-ਪੰਜ ਦਿਨਾਂ ਵਿਚ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਦੋ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿਚ ਇਕ ਤੋਂ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਤੇ ਉਸ ਤੋਂ ਬਾਅਦ ਜ਼ਿਆਦਾਤਰ ਹਿੱਸਿਆਂ ਵਿਚ ਤਿੰਨ ਤੋਂ ਪੰਜ ਡਿਗਰੀ ਦੇ ਵਾਧੇ ਦੀ ਸੰਭਾਵਨਾ ਹੈ।
- PTC NEWS