ਕੌਣ ਹੈ ਭਾਰਤ 'ਚ ਗ੍ਰਿਫ਼ਤਾਰ ਜਗਤਾਰ ਜੌਹਲ? ਜਿਸਦੀ ਰਿਹਾਈ ਲਈ ਇੱਕਠੇ ਹੋਏ 70 ਤੋਂ ਵੱਧ ਬ੍ਰਿਟਿਸ਼ ਸਾਂਸਦ
ਲੰਡਨ: ਬਰਤਾਨੀਆਂ ਦੀ ਰਾਜਧਾਨੀ 'ਚ 70 ਤੋਂ ਵੱਧ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਭਾਰਤ ਵਿੱਚ ਕੈਦ ਇੱਕ ਬ੍ਰਿਟਿਸ਼ ਸਿੱਖ ਦੀ "ਤੁਰੰਤ ਰਿਹਾਈ" ਦੀ ਮੰਗ ਕਰਨ ਲਈ ਕਿਹਾ ਹੈ, ਕਿਉਂਕਿ ਸੁਨਕ ਇਸ ਹਫ਼ਤੇ G20 ਨੇਤਾਵਾਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਦੀ ਯਾਤਰਾ ਕਰਨ ਜਾ ਰਹੇ ਹਨ।
ਬੀ.ਬੀ.ਸੀ. ਦੀ ਇੱਕ ਰਿਪੋਰਟ ਵਿੱਚ ਮੁਤਾਬਕ ਰਿਸ਼ੀ ਸੁਨਕ ਨੂੰ ਸੌਂਪੇ ਗਏ ਇੱਕ ਪੱਤਰ ਵਿੱਚ ਸੰਸਦ ਮੈਂਬਰਾਂ ਨੇ ਸੁਨਕ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਗਤਾਰ ਸਿੰਘ ਜੌਹਲ ਨੂੰ "ਤੁਰੰਤ ਰਿਹਾਅ" ਕਰਨ ਲਈ ਕਹਿਣ, ਜਿਸ ਨੂੰ ਭਾਰਤ ਵਿੱਚ ਪੰਜ ਸਾਲਾਂ ਤੋਂ ਨਜ਼ਰਬੰਦ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਜੌਹਲ ਆਪਣੇ ਵਿਆਹ ਲਈ ਪੰਜਾਬ ਵਿੱਚ ਸੀ ਜਦੋਂ ਉਸਨੂੰ 4 ਨਵੰਬਰ 2017 ਨੂੰ ਇੱਕ ਪਾਬੰਦੀਸ਼ੁਦਾ ਦਹਿਸ਼ਤਗਰਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ) ਦੁਆਰਾ ਕਤਲਾਂ ਵਿੱਚ ਉਸਦੀ ਕਥਿਤ ਭੂਮਿਕਾ ਲਈ ਜਲੰਧਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਦੇ ਪਰਿਵਾਰ ਦਾ ਕਹਿਣਾ ਹੈ ਕਿ 36 ਸਾਲਾ ਵਿਅਕਤੀ ਨੂੰ ਇੱਕ ਖਾਲੀ ਇਕਬਾਲੀਆ ਦਸਤਾਵੇਜ਼ 'ਤੇ ਦਸਤਖ਼ਤ ਕਰਨ ਤੋਂ ਪਹਿਲਾਂ ਬਿਜਲੀ ਦੇ ਝਟਕਿਆਂ ਸਮੇਤ ਤਸੀਹੇ ਦਿੱਤੇ ਗਏ ਸਨ, ਇਨ੍ਹਾਂ ਇਲਜ਼ਾਮਾਂ ਤੋਂ ਭਾਰਤੀ ਅਧਿਕਾਰੀਆਂ ਨੇ ਇਨਕਾਰ ਕੀਤਾ ਹੈ।
ਸੰਸਦ ਮੈਂਬਰਾਂ ਦੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਵਰਕਿੰਗ ਗਰੁੱਪ ਨੇ "ਨਤੀਜਾ ਕੱਢਿਆ ਹੈ ਕਿ ਜਗਤਾਰ ਦੀ ਲਗਾਤਾਰ ਨਜ਼ਰਬੰਦੀ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।"
ਉੱਥੇ ਹੀ ਜਗਤਾਰ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ, ਜੋ ਕਿ ਡੰਬਰਟਨ ਵਿੱਚ ਇੱਕ ਵਕੀਲ ਅਤੇ ਲੇਬਰ ਕੌਂਸਲਰ ਹਨ, ਨੇ ਵੀ ਬੀ.ਬੀ.ਸੀ. ਨੂੰ ਦੱਸਿਆ ਕਿ ਮੋਦੀ ਨਾਲ ਸੁਨਕ ਦੇ ਚੰਗੇ ਸਬੰਧਾਂ ਨੂੰ ਦੇਖਦੇ ਹੋਏ ਇਹ ਕੰਮ ਮੁਸ਼ਕਲ ਨਹੀਂ ਹੋਣਾ ਚਾਹੀਦਾ ਹੈ।
ਗੁਰਪ੍ਰੀਤ ਨੇ ਕਿਹਾ, "ਲਗਭਗ ਛੇ ਸਾਲ ਬੀਤ ਚੁੱਕੇ ਹਨ, ਜਗਤਾਰ ਵਿਰੁੱਧ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਇਹ ਸਿਰਫ਼ ਉਸ 'ਤੇ ਲੱਗੇ ਇਲਜ਼ਾਮ ਹਨ ਅਤੇ ਜਦੋਂ ਤੱਕ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦਾ ਉਹ ਬੇਕਸੂਰ ਹੀ ਰਹੇਗਾ।
ਕੌਣ ਹੈ ਜਗਤਾਰ ਸਿੰਘ ਉਰਫ ਜੱਗੀ ਜੌਹਲ?
ਜਗਤਾਰ ਸਿੰਘ ਜੌਹਲ ਯੂ.ਕੇ. ਦਾ ਨਾਗਰਿਕ ਹੈ ਅਤੇ ਸਕਾਟਲੈਂਡ ਦੇ ਡੰਬਰਟਨ ਦਾ ਵਸਨੀਕ ਹੈ। ਉਸਦੇ ਪਰਿਵਾਰ ਦੇ ਮੁਤਾਬਕ ਜੌਹਲ ਇੱਕ ਆਨਲਾਈਨ ਕਾਰਕੁੰਨ ਸੀ ਅਤੇ ਉਸਨੇ ਇੱਕ ਮੈਗਜ਼ੀਨ ਅਤੇ ਵੈੱਬਸਾਈਟ ਵਿੱਚ ਯੋਗਦਾਨ ਪਾਇਆ ਜੋ ਭਾਰਤ ਵਿੱਚ ਸਿੱਖ ਧਾਰਮਿਕ ਘੱਟਗਿਣਤੀ ਦੇ ਕਥਿਤ ਅੱਤਿਆਚਾਰ ਨੂੰ ਦਸਤਾਵੇਜ਼ੀ ਤੌਰ 'ਤੇ ਪੇਸ਼ ਕਰਦੀ ਸੀ। ਜੌਹਲ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਸਿੱਖਾਂ ਦੀਆਂ ਕਹਾਣੀਆਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ ਸ਼ਾਮਲ ਸੀ ਜਿਨ੍ਹਾਂ ਨੂੰ ਕਥਿਤ ਤੌਰ 'ਤੇ ਭਾਰਤ ਵਿੱਚ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ ਸੀ।
ਜੱਗੀ ਜੌਹਲ ਦੀ ਗ੍ਰਿਫ਼ਤਾਰੀ
ਜੌਹਲ 2 ਅਕਤੂਬਰ 2017 ਨੂੰ ਭਾਰਤ ਆਇਆ ਸੀ ਅਤੇ 18 ਅਕਤੂਬਰ ਨੂੰ ਉਸ ਨੇ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲਿਆ। ਉਸ ਦਾ ਭਰਾ ਗੁਰਪ੍ਰੀਤ ਸਿੰਘ ਜੌਹਲ ਅਤੇ ਮਾਤਾ-ਪਿਤਾ ਵਿਆਹ ਤੋਂ ਬਾਅਦ ਵਾਪਸ ਯੂ.ਕੇ. ਚਲੇ ਗਏ ਪਰ ਜੱਗੀ ਨੇ ਉੱਥੇ ਹੀ ਰਹਿਣਾ ਚੁਣਿਆ। ਉਸ ਨੂੰ 4 ਨਵੰਬਰ 2017 ਨੂੰ ਪੰਜਾਬ ਪੁਲਿਸ ਦੀ ਟੀਮ ਨੇ ਜਲੰਧਰ ਜ਼ਿਲ੍ਹੇ ਦੇ ਰਾਮਾਂ ਮੰਡੀ ਕਸਬੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ।
ਉਸ ਨੂੰ ਪਹਿਲਾਂ ਦਸੰਬਰ 2016 ਵਿੱਚ ਬਾਘਾਪੁਰਾਣਾ ਵਿਖੇ ਦਰਜ ਕੀਤੇ ਗਏ ਇੱਕ ਹਥਿਆਰ ਬਰਾਮਦਗੀ ਦੇ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਸੱਤ ਨਿਸ਼ਾਨਾ ਹਮਲੇ ਦੇ ਕੇਸਾਂ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਪੰਜ ਟਾਰਗੇਟਿਡ ਕਤਲ ਅਤੇ ਦੋ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ ਸਨ। ਜਿੱਥੇ ਸੱਜੇ ਪੱਖੀ ਹਿੰਦੂ ਸੰਗਠਨਾਂ ਦੇ ਕਾਰਕੁੰਨਾਂ ਅਤੇ ਮੈਂਬਰਾਂ, ਡੇਰਾ ਸਿਰਸਾ ਦੇ ਪੈਰੋਕਾਰਾਂ ਅਤੇ ਇੱਥੋਂ ਤੱਕ ਕਿ ਇੱਕ ਪਾਦਰੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।
ਜੌਹਲ ਨੂੰ ਇਕ ਗੁਰਸ਼ਰਨਬੀਰ ਸਿੰਘ ਨੇ ਮਿੰਟੂ ਨੂੰ €3000 ਦੇਣ ਲਈ ਯੂ.ਕੇ ਤੋਂ ਫਰਾਂਸ ਭੇਜਿਆ ਸੀ। ਇਸ ਪੈਸੇ ਦਾ ਇੱਕ ਹਿੱਸਾ ਮਿੰਟੂ ਨੇ ਹਰਦੀਪ ਸਿੰਘ ਨੂੰ ਕੇ.ਐਲ.ਐਫ. ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਅਤੇ ਟਾਰਗੇਟ ਕਤਲਾਂ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਭਰਤੀ ਕਰਨ ਲਈ ਦਿੱਤਾ ਸੀ। ਇਸ ਲਈ ਜੌਹਲ 'ਤੇ ਖਾੜਕੂਆਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਇਲਜ਼ਾਮ ਲੱਗੇ ਸਨ।
ਜਨਵਰੀ 2021 ਵਿੱਚ ਦਿੱਲੀ ਪੁਲਿਸ ਨੇ ਜੱਗੀ ਜੌਹਲ ਦਾ ਰਿਮਾਂਡ ਲਿਆ ਅਤੇ ਉਸ ਉੱਤੇ ਤਿਹਾੜ ਜੇਲ੍ਹ ਤੋਂ ਦੁਬਈ ਵਿੱਚ ਗੈਂਗਸਟਰ ਸੁਕਮੀਤ ਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਨਾਲ ਸੰਪਰਕ ਸਥਾਪਤ ਕਰਨ ਦਾ ਇਲਜ਼ਾਮ ਲਾਇਆ। ਭਿਖਾਰੀਵਾਲ ਨੂੰ ਦਸੰਬਰ 2020 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜੌਹਲ ਤੋਂ ਪੁੱਛਗਿੱਛ ਕੀਤੀ ਗਈ ਸੀ। ਬਾਅਦ ਵਿੱਚ ਦਿੱਲੀ ਪੁਲਿਸ ਨੇ ਸੁਕਮੀਤ ਪਾਲ ਦੇ ਖਿਲਾਫ ਪੇਸ਼ ਕੀਤੇ ਆਪਣੇ ਚਲਾਨ ਵਿੱਚ ਜੌਹਲ ਦਾ ਨਾਮ ਨਹੀਂ ਲਿਆ।
- With inputs from agencies