ਕੌਣ ਹਨ ਇਹ ਲੋਕ ਜਿਨ੍ਹਾਂ ਸੰਸਦ 'ਚ ਕੀਤਾ ਧੂੰਆਂ-ਧੂੰਆਂ ਅਤੇ ਕਿਵੇਂ ਸਦਨ 'ਚ ਹੋਏ ਦਾਖਲ? ਇੱਥੇ ਜਾਣੋ
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਸੁਰੱਖਿਅਤ ਸਥਾਨ ਮੰਨੇ ਜਾਂਦੇ ਨਵੇਂ ਸੰਸਦ ਭਵਨ ਦੀ ਸੁਰੱਖਿਆ ਵਿੱਚ ਅੱਜ ਵੱਡੀ ਕੁਤਾਹੀ ਵੇਖਣ ਨੂੰ ਸਾਹਮਣੇ ਆਈ ਹੈ। ਇੱਥੇ ਲੋਕ ਸਭਾ ਦੇ ਅੰਦਰ ਜਦੋਂ ਸਦਨ ਦੀ ਕਾਰਵਾਈ ਚੱਲ ਰਹੀ ਸੀ ਤਾਂ ਦੋ ਨੌਜਵਾਨਾਂ ਨੇ ਸੰਸਦ ਮੈਂਬਰਾਂ ਵਿਚਾਲੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ।
ਕਿਥੋਂ ਆਇਆ ਸਪਰੇਅ
ਇਨ੍ਹਾਂ 'ਚੋਂ ਇਕ ਨੌਜਵਾਨ ਨੇ ਪਿੱਛੇ ਤੋਂ ਛਾਲ ਮਾਰ ਕੇ ਸੰਸਦ ਮੈਂਬਰਾਂ 'ਚ ਪਹੁੰਚ ਕੇ ਆਪਣੀ ਜੁੱਤੀ 'ਚੋਂ ਸਪਰੇਅ ਕੱਢ ਕੇ ਪੂਰੇ ਸਦਨ 'ਚ ਧੂੰਆਂ-ਧੂੰਆਂ ਕਰ ਦਿੱਤਾ। ਹੁਣ ਇਨ੍ਹਾਂ ਲੋਕਾਂ ਦੀ ਪਛਾਣ ਸਾਹਮਣੇ ਆ ਰਹੀ ਹੈ।
ਸੰਸਦ ਨੂੰ ਗੰਧਲਾ ਕਰਨ ਵਾਲੇ ਵਿਅਕਤੀ ਦਾ ਨਾਮ ਆਇਆ ਸਾਹਮਣੇ
ਰੰਗ ਵਾਲੇ ਸਪਰੇਅ ਲੈ ਕੇ ਲੋਕ ਸਭਾ ਦੇ ਅੰਦਰ ਪਹੁੰਚੇ ਵਿਅਕਤੀ ਦਾ ਨਾਂ ਸਾਗਰ ਸ਼ਰਮਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਾਗਰ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਇਹ ਵਾਰਦਾਤ ਕਿਸ ਮਕਸਦ ਨਾਲ ਕੀਤੀ ਹੈ।
ਸੰਸਦ ਦੇ ਬਾਹਰ ਵੀ ਕੀਤਾ ਪ੍ਰਦਰਸ਼ਨ
ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਦੋ ਮਾਮਲੇ ਸਾਹਮਣੇ ਆਏ ਹਨ। ਇੱਕ ਮਾਮਲੇ ਵਿੱਚ ਦੋ ਲੋਕਾਂ ਨੇ ਸਦਨ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ ਕਿ ਤਾਨਾਸ਼ਾਹੀ ਨਹੀਂ ਚੱਲੇਗੀ। ਜਿਵੇਂ ਹੀ ਉਨ੍ਹਾਂ ਨੇ ਧਰਨਾ ਸ਼ੁਰੂ ਕੀਤਾ ਤਾਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਨ੍ਹਾਂ ਦੋ ਪ੍ਰਦਰਸ਼ਨਕਾਰੀਆਂ ਵਿੱਚ ਇੱਕ ਔਰਤ ਹੈ। ਉਸ ਦੀ ਪਛਾਣ ਹਰਿਆਣਾ ਤੋਂ ਹਿਸਾਰ ਵਾਸੀ 42 ਸਾਲਾ ਨੀਲਮ ਵਜੋਂ ਹੋਈ ਹੈ। ਦੂਜੇ ਪ੍ਰਦਰਸ਼ਨਕਾਰੀ ਦੀ ਪਛਾਣ ਮਹਾਰਾਸ਼ਟਰ ਤੋਂ ਲਾਤੂਰ ਵਾਸੀ ਅਨਮੋਲ ਸ਼ਿੰਦੇ (25) ਵਾਸੀ ਵਜੋਂ ਹੋਈ ਹੈ।
ਕੌਣ ਹਨ ਸਾਗਰ ਅਤੇ ਮਨੋਰੰਜਨ?
ਦੱਸਿਆ ਜਾ ਰਿਹਾ ਹੈ ਕਿ ਸਾਗਰ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਦੇ ਨਾਂ 'ਤੇ ਜਾਰੀ ਵਿਜ਼ਟਰ ਪਾਸ ਰਾਹੀਂ ਸੰਸਦ ਭਵਨ 'ਚ ਦਾਖਲ ਹੋਇਆ ਸੀ। ਪ੍ਰਦਸ਼ਨਕਾਰੀ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ ਅਤੇ ਮੈਸੂਰ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਫੜਿਆ ਗਿਆ ਮਨੋਰੰਜਨ ਪੇਸ਼ੇ ਤੋਂ ਇੰਜੀਨੀਅਰ ਦੱਸਿਆ ਜਾਂਦਾ ਹੈ।
ਇਸ ਤੋਂ ਇਲਾਵਾ ਸੰਸਦ ਭਵਨ ਦੇ ਬਾਹਰ ਰੰਗਦਾਰ ਧੂੰਆਂ ਫੈਲਾ ਕੇ ਪ੍ਰਦਰਸ਼ਨ ਦੌਰਾਨ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਨੀਲਮ ਅਤੇ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਰਹਿਣ ਵਾਲੇ ਅਮੋਲ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲਿਆ।
ਰਾਮ ਸ਼੍ਰੋਮਣੀ ਵਰਮਾ ਨੇ ਕੀ ਕਿਹਾ?
ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਰਾਮ ਸ਼੍ਰੋਮਣੀ ਵਰਮਾ ਨੇ ਕਿਹਾ ਹੈ ਕਿ ਸੁਰੱਖਿਆ ਕਰਮਚਾਰੀਆਂ ਨੂੰ ਇਕ ਆਧਾਰ ਕਾਰਡ ਵੀ ਮਿਲਿਆ ਹੈ, ਜਿਸ 'ਤੇ ਲਖਨਊ ਦਾ ਪਤਾ ਦਰਜ ਹੈ। ਉਸ ਨੇ ਦੱਸਿਆ ਕਿ ਜਿਵੇਂ ਹੀ ਇਕ ਵਿਅਕਤੀ ਨੇ ਡੱਬਾ ਖੋਲ੍ਹਿਆ ਤਾਂ ਪੂਰਾ ਕਮਰਾ ਪੀਲੇ ਧੂੰਏਂ ਨਾਲ ਭਰ ਗਿਆ। ਉਨ੍ਹਾਂ ਕਿਹਾ, 'ਸਾਰੇ ਸੰਸਦ ਮੈਂਬਰਾਂ ਨੇ ਉਸ ਨੂੰ ਕੁੱਟਿਆ, ਉਸ ਨੂੰ ਫੜਿਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ।'
ਦਿੱਲੀ ਪੁਲਿਸ ਨੂੰ ਹਿਦਾਇਤਾਂ ਜਾਰੀ
ਅਗਲੀ ਕਾਰਵਾਈ ਲਈ ਦਿੱਲੀ ਪੁਲਿਸ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਚਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਉਹ ਦੋਵੇਂ ਸੰਸਦ ਭਵਨ ਦੀ ਜਨਤਕ ਗੈਲਰੀ ਤੋਂ ਛਾਲ ਮਾਰ ਕੇ ਸਪੀਕਰ ਵੱਲ ਵਧ ਰਹੇ ਸਨ ਅਤੇ ਹੱਥਾਂ ਵਿੱਚ ਬੰਬ ਵਰਗੀ ਕੋਈ ਚੀਜ਼ ਫੜ ਕੇ ਆਡੀਟੋਰੀਅਮ ਵਿੱਚ ਪੀਲਾ ਧੂੰਆਂ ਫੈਲਾ ਰਹੇ ਸਨ। ਦਿੱਲੀ ਪੁਲਿਸ ਨੇ ਸਾਗਰ ਸ਼ਰਮਾ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।
2001 'ਚ ਸੰਸਦ 'ਤੇ ਹੋਏ ਹਮਲੇ ਦੀ 22ਵੀਂ ਬਰਸੀ ਅੱਜ
ਖਾਸ ਗੱਲ ਇਹ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨਵੇਂ ਸੰਸਦ ਭਵਨ 'ਚ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ। ਇਸ ਤੋਂ ਇਲਾਵਾ ਅੱਜ 2001 'ਚ ਸੰਸਦ 'ਤੇ ਹੋਏ ਹਮਲੇ ਦੀ 22ਵੀਂ ਬਰਸੀ ਵੀ ਹੈ। ਉਦੋਂ ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਸੰਸਦ ਭਵਨ ਨੂੰ ਨਿਸ਼ਾਨਾ ਬਣਾਇਆ ਸੀ। ਇਸ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਸੰਸਦ ਦੀ ਸੁਰੱਖਿਆ 'ਚ ਵੱਡੀ ਕੁਤਾਹੀ , ਦਰਸ਼ਕ ਗੈਲਰੀ 'ਚੋਂ ਛਾਲ ਮਾਰ ਕੇ ਸਦਨ 'ਚ ਦਾਖਲ ਹੋਏ ਅਣਪਛਾਤੇ ਵਿਅਕਤੀ
- With inputs from agencies