NPS Vatsalya Scheme : ਹੁਣ ਨਾਬਾਲਗਾਂ ਦਾ ਵੀ ਹੋਵੇਗਾ ਪੈਨਸ਼ਨ ਖਾਤਾ! ਜਾਣੋ ਇਸ 'ਚ ਕੌਣ-ਕੌਣ ਕਰ ਸਕਦੈ ਨਿਵੇਸ਼ ?
NPS Vatsalya Scheme : ਕੇਂਦਰੀ ਬਜਟ 2024-25 ਦੇ ਦੌਰਾਨ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਈ ਯੋਜਨਾਵਾਂ 'ਤੇ ਚਰਚਾ ਕੀਤੀ ਸੀ, ਜਿਨ੍ਹਾਂ 'ਚੋਂ ਇੱਕ ਨਾਬਾਲਗ ਬੱਚਿਆਂ ਦੇ ਪੈਨਸ਼ਨ ਖਾਤੇ ਖੋਲ੍ਹਣ ਲਈ ਵਿਸ਼ੇਸ਼ ਯੋਜਨਾ ਸੀ। ਭਵਿੱਖ 'ਚ ਬੱਚਿਆਂ ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਰੱਖਣ ਲਈ, ਦੇਸ਼ ਦੀ ਸਰਕਾਰ ਦੁਆਰਾ ਐਨਪੀਐਸ ਵਾਤਸਲਿਆ ਯੋਜਨਾ ਦਾ ਐਲਾਨ ਕੀਤਾ ਗਿਆ ਸੀ, ਜਿਸ ਦੀ ਸ਼ੁਰੂਆਤ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਅੱਜ ਯਾਨੀ 18 ਸਤੰਬਰ 2024 ਨੂੰ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਮਾਪੇ ਆਪਣੇ ਬੱਚੇ ਦੇ ਭਵਿੱਖ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾ ਸਕਣਗੇ। ਤਾਂ ਆਓ ਜਾਣਦੇ ਹਾਂ ਐਨਪੀਐਸ ਵਾਤਸਲਿਆ ਯੋਜਨਾ ਕੀ ਹੈ? 'ਤੇ ਇਸ 'ਚ ਕੌਣ-ਕੌਣ ਨਿਵੇਸ਼ ਕਰ ਸਕਦਾ ਹੈ?
ਐਨਪੀਐਸ ਵਾਤਸਲਿਆ ਯੋਜਨਾ ਕੀ ਹੈ?
ਜੋ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਕਰਨਾ ਚਾਹੁੰਦੇ ਹਨ, ਉਹ ਐਨਪੀਐਸ ਵਾਤਸਲਿਆ ਯੋਜਨਾ 'ਚ ਸ਼ਾਮਲ ਹੋ ਸਕਦੇ ਹਨ, ਜੋ ਕਿ ਇੱਕ ਕਿਸਮ ਦਾ ਪੈਨਸ਼ਨ ਖਾਤਾ ਬਣ ਜਾਂਦਾ ਹੈ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਇਸ ਯੋਜਨਾ ਤਹਿਤ ਨਾਬਾਲਗਾਂ ਦੇ ਪੈਨਸ਼ਨ ਖਾਤੇ ਖੋਲ੍ਹੇ ਜਾਣਗੇ। ਇਸ ਯੋਜਨਾ ਦੇ ਤਹਿਤ ਮਾਪੇ ਲੰਬੇ ਸਮੇਂ ਲਈ ਨਿਵੇਸ਼ ਕਰ ਸਕਦੇ ਹਨ। ਨਾਲ ਹੀ ਇਸ ਯੋਜਨਾ ਦੇ ਤਹਿਤ ਲਚਕਦਾਰ ਯੋਗਦਾਨ ਵਿਕਲਪ ਉਪਲਬਧ ਹੋਵੇਗਾ।
ਐਨਪੀਐਸ ਵਾਤਸਲਿਆ ਯੋਜਨਾ 'ਚ ਕੌਣ-ਕੌਣ ਨਿਵੇਸ਼ ਕਰ ਸਕਦਾ ਹੈ?
ਸਾਰੇ ਮਾਪੇ ਇਸ ਯੋਜਨਾ ਦੇ ਤਹਿਤ ਨਿਵੇਸ਼ ਕਰ ਸਕਦੇ ਹਨ। ਇਸ ਯੋਜਨਾ 'ਚ ਹੇਠਲੇ ਜਾਂ ਉੱਚ ਵਰਗ 'ਚ ਕੋਈ ਫਰਕ ਨਹੀਂ ਹੈ। ਮਾਤਾ-ਪਿਤਾ ਬੱਚੇ ਦੇ ਨਾਂ 'ਤੇ ਪੈਨਸ਼ਨ ਖਾਤਾ ਖੋਲ੍ਹ ਸਕਦੇ ਹਨ, ਜਿਸ ਲਈ 1000 ਰੁਪਏ ਸਾਲਾਨਾ ਖਾਤੇ 'ਚ ਜਮ੍ਹਾ ਕਰਵਾਉਣੇ ਹੋਣਗੇ। ਇਹ ਯੋਜਨਾ ਲਚਕਦਾਰ ਯੋਗਦਾਨ ਅਤੇ ਨਿਵੇਸ਼ ਵਿਕਲਪਾਂ ਨਾਲ ਉਪਲਬਧ ਹੋਵੇਗੀ। ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਯਾਨੀ ਬਾਲਗ ਬਣ ਜਾਂਦਾ ਹੈ, ਤਾਂ ਇਹ ਯੋਜਨਾ ਐਨਪੀਐਸ ਖਾਤੇ ਨਾਲ ਜੁੜ ਜਾਵੇਗੀ, ਜਿਸ ਨੂੰ ਵਰਤਮਾਨ 'ਚ ਰਿਟਾਇਰਮੈਂਟ ਯੋਜਨਾ ਵਜੋਂ ਜਾਣਿਆ ਜਾਂਦਾ ਹੈ।
ਐਨਪੀਐਸ ਖਾਤਾ ਕੀ ਹੁੰਦਾ ਹੈ?
ਐਨਪੀਐਸ ਦਾ ਪੂਰਾ ਨਾਮ ਨੈਸ਼ਨਲ ਪੈਨਸ਼ਨ ਸਿਸਟਮ ਹੁੰਦਾ ਹੈ। ਇਹ ਖਾਤਾ ਰਿਟਾਇਰਮੈਂਟ ਪਲਾਨ ਵਜੋਂ ਖੋਲ੍ਹਿਆ ਜਾਂਦਾ ਹੈ। ਇਸ ਤਹਿਤ ਖਾਤਾਧਾਰਕ ਨੂੰ ਸੇਵਾਮੁਕਤੀ ਤੋਂ ਬਾਅਦ ਨਿਯਮਤ ਆਮਦਨ ਜਾਂ ਕਹਿ ਲਓ ਪੈਨਸ਼ਨ ਮਿਲਦੀ ਹੈ। ਨੈਸ਼ਨਲ ਪੈਨਸ਼ਨ ਯੋਜਨਾ ਨੂੰ ਕੰਟਰੀਬਿਊਟਰੀ ਪੈਨਸ਼ਨ ਯੋਜਨਾ ਵੀ ਕਿਹਾ ਜਾਂਦਾ ਹੈ। ਇਸ ਤਹਿਤ ਖਾਤਾ ਖੋਲ੍ਹਣ ਤੋਂ ਬਾਅਦ ਖਾਤਾਧਾਰਕ ਲੰਬੇ ਸਮੇਂ ਲਈ ਨਿਵੇਸ਼ ਕਰਦੇ ਹਨ, ਜਿਸ ਤੋਂ ਬਾਅਦ ਖਾਤਾਧਾਰਕਾਂ ਨੂੰ ਮਹੀਨਾਵਾਰ ਪੈਨਸ਼ਨ ਦੀ ਸਹੂਲਤ ਮਿਲਦੀ ਹੈ। ਐਨਪੀਐਸ ਵਾਤਸਲਿਆ ਯੋਜਨਾ ਬਿਲਕੁਲ ਇਸ ਤਰ੍ਹਾਂ ਦੀ ਹੋਵੇਗੀ।
- PTC NEWS