Jalandhar Murder : ਖੂਹ 'ਚੋਂ ਮਿਲੀ 14 ਸਾਲਾ ਬੱਚੀ ਦੀ ਲਾਸ਼, ਮੰਗੇਤਰ ਨੇ ਦੋਸਤਾਂ ਨਾਲ ਮਿਲ ਕੇ ਕੀਤਾ ਕਤਲ
West Bengal Girl Murder in Punjab : ਜਲੰਧਰ ਦੀ ਰਾਮਾ ਮੰਡੀ ਦੇ ਢਿਲਵਾਂ 'ਚ ਖੂਹ 'ਚੋਂ 14 ਸਾਲਾ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਕੁੜੀ ਦੀ ਕਰੀਬ ਡੇਢ ਮਹੀਨਾ ਪਹਿਲਾਂ ਮੰਗਣੀ ਹੋਈ ਸੀ।ਮ੍ਰਿਤਕ ਮੂਲ ਰੂਪ ਤੋਂ ਪੱਛਮੀ ਬੰਗਾਲ ਦੀ ਰਹਿਣ ਵਾਲੀ ਸੀ। ਉਹ ਲੰਬੇ ਸਮੇਂ ਤੋਂ ਜਲੰਧਰ 'ਚ ਰਹਿ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਆਸ-ਪਾਸ ਦੇ ਲੋਕਾਂ ਅਨੁਸਾਰ ਕੁੜੀ ਦਾ ਕਤਲ ਕਰਕੇ ਉਸ ਦੀ ਲਾਸ਼ ਖੂਹ ਵਿੱਚ ਸੁੱਟ ਦਿੱਤੀ ਗਈ ਸੀ। ਮੌਕੇ 'ਤੇ ਪਹੁੰਚੇ ਗੁਰਪ੍ਰੀਤ ਕੁਮਾਰ ਨੇ ਦੱਸਿਆ ਕਿ ਕੁੜੀ ਉਨ੍ਹਾਂ ਦੇ ਗੁਆਂਢ 'ਚ ਰਹਿੰਦੀ ਸੀ। ਉਸ ਦੇ ਮੰਗੇਤਰ ਨੇ ਉਸ ਦਾ ਕਤਲ ਕਰਕੇ ਉਸ ਨੂੰ ਖੂਹ ਵਿੱਚ ਸੁੱਟ ਦਿੱਤਾ ਹੈ। ਕੁੜੀ ਦਾ ਕਰੀਬ ਡੇਢ ਮਹੀਨਾ ਪਹਿਲਾਂ ਵਿਆਹ ਹੋਇਆ ਸੀ।
ਲੋਕਾਂ ਨੇ ਕਿਹਾ- ਗ੍ਰਿਫਤਾਰੀ ਹੋਣ ਤੱਕ ਵਿਰੋਧ ਪ੍ਰਦਰਸ਼ਨ ਕਰਾਂਗੇ
ਇਸ ਦੌਰਾਨ ਆਸ-ਪਾਸ ਦੇ ਲੋਕਾਂ ਨੇ ਹੰਗਾਮਾ ਕੀਤਾ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਗੁਰਪ੍ਰੀਤ ਨੇ ਕਿਹਾ- ਕੁੜੀ ਸਾਡੇ ਹੱਥਾਂ ਵਿੱਚ ਵੱਡੀ ਹੋਈ ਹੈ। ਜੇਕਰ ਪੁਲਿਸ ਨੇ ਜਲਦ ਤੋਂ ਜਲਦ ਕਾਤਲ ਨੂੰ ਨਾ ਫੜਿਆ ਤਾਂ ਉਹ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ।
ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
14 ਸਾਲ ਦੀ ਕੁੜੀ ਦੀ ਮੌਤ ਦੇ ਮਾਮਲੇ 'ਚ ਏਡੀਸੀਪੀ ਹੈੱਡਕੁਆਰਟਰ ਸੁਖਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ 09-01-2025 ਨੂੰ ਇੱਕ ਮੁਲਜ਼ਮ, ਜਿਸਦੀ ਕੁੜੀ ਨਾਲ ਮੰਗਣੀ ਹੋਈ ਸੀ, ਉਸਨੂੰ ਇੱਕ ਬਰਗਰ ਦੀ ਦੁਕਾਨ 'ਤੇ ਲੈ ਗਿਆ। ਹਾਲਾਂਕਿ, ਉਹ ਫਿਰ ਘਰ ਵਾਪਸ ਨਹੀਂ ਆਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਆਣੇ ਦੋ ਦੋਸਤਾਂ ਦੀ ਮਦਦ ਨਾਲ, ਕਥਿਤ ਤੌਰ 'ਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ ਅਤੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
- PTC NEWS