Weather Update:ਪੰਜਾਬ-ਹਰਿਆਣਾ ਦੀ ਹਵਾਵਾਂ ਨਾਲ ਪ੍ਰਭਾਵਿਤ ਰਾਜਧਾਨੀ ਚੰਡੀਗੜ੍ਹ,AQI 300 ਤੋਂ ਪਾਰ,ਤਾਪਮਾਨ ਆਮ ਨਾਲੋਂ 6 ਡਿਗਰੀ ਵੱਧ
Punjab Weather: ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਵੀ ਹਵਾ ਦੀ ਗੁਣਵੱਤਾ ਲਗਾਤਾਰ ਵਿਗੜ ਰਹੀ ਹੈ। ਸਥਿਤੀ ਇਹ ਹੈ ਕਿ ਰਾਜਧਾਨੀ ਦੀ ਹਵਾ ਵਿਸ਼ਵ ਸਿਹਤ ਸੰਗਠਨ (WHO) ਦੇ ਮਾਪਦੰਡਾਂ ਨਾਲੋਂ 6 ਗੁਣਾ ਵੱਧ ਪ੍ਰਦੂਸ਼ਿਤ ਹੈ। ਚੰਡੀਗੜ੍ਹ ਲਗਾਤਾਰ ਰੈੱਡ ਜ਼ੋਨ ਵਿੱਚ ਚੱਲ ਰਿਹਾ ਹੈ। ਜਦੋਂ ਕਿ ਅੰਮ੍ਰਿਤਸਰ, ਪੰਜਾਬ ਵਿੱਚ ਹਵਾ ਦੀ ਗੁਣਵੱਤਾ 200 ਤੋਂ ਉਪਰ ਬਣੀ ਹੋਈ ਹੈ ਅਤੇ ਔਰੇਂਜ ਜ਼ੋਨ ਵਿੱਚ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ, ਜਿੱਥੇ ਵਿਜ਼ੀਬਿਲਟੀ ਜ਼ੀਰੋ 'ਤੇ ਪਹੁੰਚ ਗਈ ਹੈ।
ਪੰਜਾਬ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਨੇ ਸੂਬੇ ਦੇ ਕਈ ਸ਼ਹਿਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਔਸਤ ਏਅਰ ਕੁਆਲਿਟੀ ਇੰਡੈਕਸ (AQI) ਦੇ ਅੰਕੜੇ ਦਰਸਾਉਂਦੇ ਹਨ ਕਿ ਰਾਜ ਦੇ ਵੱਡੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ਤੱਕ ਪਹੁੰਚ ਗਿਆ ਹੈ। ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਹੋਏ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਚੈੱਕ ਕਰਨ ਲਈ ਅੰਮ੍ਰਿਤਸਰ, ਬਠਿੰਡਾ, ਜਲੰਧਰ, ਖੰਨਾ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਪਟਿਆਲਾ ਅਤੇ ਰੂਪਨਗਰ ਵਿੱਚ 8 ਕੇਂਦਰ ਬਣਾਏ ਗਏ ਹਨ। ਇਹਨਾਂ 8 ਕੇਂਦਰਾਂ ਵਿੱਚੋਂ, 5 ਵਿੱਚ 200 ਤੋਂ ਵੱਧ AQI ਹੈ, ਜਦੋਂ ਕਿ ਤਿੰਨ ਕੇਂਦਰਾਂ ਵਿੱਚ AQI 140 ਤੋਂ 179 ਦੇ ਵਿਚਕਾਰ ਹੈ।
ਪੁਣੇ-ਅੰਮ੍ਰਿਤਸਰ ਇੰਡੀਗੋ ਦੀ ਫਲਾਈਟ ਨੰਬਰ 6E721, ਜਿਸ ਨੇ ਸਵੇਰੇ 5.20 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨਾ ਸੀ, ਨੂੰ ਦਿੱਲੀ ਵੱਲ ਮੋੜਨਾ ਪਿਆ। ਦਰਅਸਲ, ਅੰਮ੍ਰਿਤਸਰ 'ਚ ਵਿਜ਼ੀਬਿਲਟੀ ਜ਼ੀਰੋ 'ਤੇ ਪਹੁੰਚ ਗਈ ਹੈ। ਜਿਸ ਕਾਰਨ ਫਲਾਈਟ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਫਲਾਈਟ ਨੇ ਸ਼ਹਿਰ ਦੇ ਤਿੰਨ ਚੱਕਰ ਲਗਾਏ। ਆਖਰਕਾਰ ਉਸ ਨੂੰ ਦਿੱਲੀ ਮੋੜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਜ਼ੀਬਿਲਟੀ ਘੱਟ ਹੋਣ ਕਾਰਨ ਵੱਧ ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ।
ਪੰਜਾਬ ਅਤੇ ਹਰਿਆਣਾ ਤੋਂ ਉੱਠਦਾ ਪਰਾਲੀ ਦਾ ਧੂੰਆਂ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਹਵਾ ਪ੍ਰਦੂਸ਼ਣ ਦਾ ਮੁੱਖ ਸਰੋਤ ਬਣ ਗਿਆ ਹੈ। ਇਸ ਕਾਰਨ ਚੰਡੀਗੜ੍ਹ ਦਾ ਹਵਾ ਗੁਣਵੱਤਾ ਸੂਚਕ ਅੰਕ ਵੀ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਪ੍ਰਦੂਸ਼ਣ ਕਾਰਨ ਸਾਹ ਦੀਆਂ ਸਮੱਸਿਆਵਾਂ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਵਧ ਸਕਦੀਆਂ ਹਨ, ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਦਿਲ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਵਿੱਚ।
ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਘੱਟੋ-ਘੱਟ ਤਾਪਮਾਨ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਔਸਤ ਘੱਟੋ-ਘੱਟ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਇਹ ਅਜੇ ਵੀ ਆਮ ਨਾਲੋਂ 6.1 ਡਿਗਰੀ ਸੈਲਸੀਅਸ ਵੱਧ ਹੈ, ਜੋ ਕਿ ਖੇਤਰ ਵਿੱਚ ਤਾਪਮਾਨ ਵਿੱਚ ਅਸਧਾਰਨ ਵਾਧਾ ਦਰਸਾਉਂਦਾ ਹੈ। ਰਾਜ ਵਿੱਚ ਸਭ ਤੋਂ ਘੱਟ ਘੱਟੋ ਘੱਟ ਤਾਪਮਾਨ 15.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਕਿ ਥੀਨ ਡੈਮ ਖੇਤਰ ਵਿੱਚ ਮਾਪਿਆ ਗਿਆ ਸੀ।
ਚੰਡੀਗੜ੍ਹ ਵਿੱਚ ਤਾਪਮਾਨ 18.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ 24 ਘੰਟਿਆਂ ਵਿੱਚ 1.0 ਡਿਗਰੀ ਸੈਲਸੀਅਸ ਦਾ ਵਾਧਾ ਦਰਸਾਉਂਦਾ ਹੈ। ਅੰਮ੍ਰਿਤਸਰ ਵਿੱਚ -0.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਮੌਜੂਦਾ ਘੱਟੋ-ਘੱਟ ਤਾਪਮਾਨ 16.6 ਡਿਗਰੀ ਸੈਲਸੀਅਸ ਹੈ। ਪਟਿਆਲਾ ਵਿੱਚ ਤਾਪਮਾਨ 0.4 ਡਿਗਰੀ ਸੈਲਸੀਅਸ ਦੇ ਵਾਧੇ ਨਾਲ 18.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੋਹਾਲੀ ਦਾ ਤਾਪਮਾਨ 0.8 ਡਿਗਰੀ ਸੈਲਸੀਅਸ ਦੇ ਵਾਧੇ ਨਾਲ 18.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
- PTC NEWS