ਦਿੱਲੀ-ਐਨਸੀਆਰ 'ਚ ਸਵੇਰੇ ਛਾਈ ਹਲਕੀ ਧੁੰਦ, ਕੁਝ ਸੂਬਿਆਂ 'ਚ ਮੀਂਹ ਦੀ ਚਿਤਾਵਨੀ, ਜਾਣੋ ਕਿਸ ਤਰ੍ਹਾਂ ਦਾ ਰਹੇਗਾ ਮੌਸਮ
ਨਵੀਂ ਦਿੱਲੀ : ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਬਦਲ ਰਿਹਾ ਹੈ। ਮੈਦਾਨੀ ਇਲਾਕਿਆਂ 'ਚ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਤਰ-ਪੱਛਮੀ ਭਾਰਤ 'ਚ ਘੱਟੋ-ਘੱਟ ਤਾਪਮਾਨ 9 ਤੋਂ 10 ਡਿਗਰੀ ਦੇ ਵਿਚਾਲੇ ਬਣਿਆ ਹੋਇਆ ਹੈ।
ਇਸ ਦੇ ਨਾਲ ਹੀ ਕੱਲ੍ਹ ਯਾਨੀ 18 ਫਰਵਰੀ ਤੋਂ ਕੁਝ ਪਹਾੜੀ ਇਲਾਕਿਆਂ 'ਚ ਬਾਰਿਸ਼ ਤੇ ਬਰਫਬਾਰੀ ਲਈ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 18 ਤੋਂ 21 ਫਰਵਰੀ ਦਰਮਿਆਨ ਹਿਮਾਲਿਆ ਖੇਤਰ 'ਚ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਹੈ। ਦਿੱਲੀ-ਐਨਸੀਆਰ 'ਚ ਅੱਜ ਸਵੇਰੇ ਧੁੰਦ ਛਾਈ ਰਹੀ ਤੇ ਹਵਾ 'ਚ ਠੰਢਕ ਮਹਿਸੂਸ ਕੀਤੀ ਗਈ। ਇਸ ਦੇ ਨਾਲ ਹੀ ਬਿਹਾਰ-ਯੂਪੀ, ਰਾਜਸਥਾਨ-ਮੱਧ ਪ੍ਰਦੇਸ਼ 'ਚ ਤਾਪਮਾਨ ਤੇਜ਼ੀ ਨਾਲ ਬਦਲ ਰਿਹਾ ਹੈ।
ਕੌਮੀ ਰਾਜਧਾਨੀ ਦਿੱਲੀ 'ਚ ਅੱਜ ਘੱਟੋ-ਘੱਟ ਤਾਪਮਾਨ 12 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਰਹਿਣ ਦੀ ਸੰਭਾਵਨਾ ਹੈ। ਅਗਲੇ ਦੋ-ਤਿੰਨ ਦਿਨਾਂ 'ਚ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 30 ਤੋਂ 31 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਇਸ ਦੇ ਨਾਲ ਹੀ 19 ਤੇ 20 ਫਰਵਰੀ ਨੂੰ ਦਿੱਲੀ ਵਿੱਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ ਤੇ ਸਵੇਰੇ ਧੁੰਦ ਪੈ ਸਕਦੀ ਹੈ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬਿਆ ਜੰਮੂ-ਕਸ਼ਮੀਰ
ਇਨ੍ਹਾਂ ਸੂਬਿਆਂ 'ਚ ਮੀਂਹ ਦੀ ਪੇਸ਼ੀਨਗੋਈ
ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ-ਲੱਦਾਖ-ਗਿਲਗਿਤ-ਬਾਲਟਿਸਤਾਨ-ਮੁਜ਼ੱਫਰਾਬਾਦ 'ਚ 18 ਨੂੰ ਹਲਕੀ ਬਾਰਿਸ਼ ਤੇ ਬਰਫਬਾਰੀ ਦੀ ਸੰਭਾਵਨਾ ਹੈ। ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫ਼ਬਾਰੀ ਸਿਰਫ਼ ਅਲੱਗ-ਥਲੱਗ ਖੇਤਰਾਂ 'ਚ ਹੀ ਹੋਵੇਗੀ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿਚ 19 ਤੋਂ 21 ਫਰਵਰੀ ਤੱਕ ਮੀਂਹ ਤੇ ਬਰਫਬਾਰੀ ਲਈ ਅਲਰਟ ਜਾਰੀ ਕੀਤਾ ਗਿਆ ਹੈ। 19 ਤੋਂ 21 ਫਰਵਰੀ ਦੇ ਦੌਰਾਨ ਅਰੁਣਾਚਲ ਪ੍ਰਦੇਸ਼, ਅਸਾਮ ਤੇ ਮੇਘਾਲਿਆ 'ਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੇਸ਼ ਦੇ ਬਾਕੀ ਹਿੱਸਿਆਂ 'ਚ ਮੌਸਮ ਵਿਚ ਕੋਈ ਖਾਸ ਤਬਦੀਲੀ ਦੀ ਸੰਭਾਵਨਾ ਨਹੀਂ ਹੈ।
- PTC NEWS