ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ 'ਚ 3 ਲੋਕਾਂ ਦੀ ਗ੍ਰਿਫ਼ਤਾਰੀ, DGP ਪੰਜਾਬ ਨੇ ਕਿਹਾ - ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਦਾ ਨਾਮ ਵੀ...
Khadoor Sahib MP Amritpal Singh : 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਫਾਊਂਡਰ ਮੈਂਬਰ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਮਾਮਲਾ ਪੰਜਾਬ ਪੁਲਿਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਡੀਜੀਪੀ ਪੰਜਾਬ ਪੁਲਿਸ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ 3 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ, ਜਦਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਸਾਹਮਣੇ ਆਇਆ ਹੈ।
ਡੀਜੀਪੀ ਗੌਰਵ ਯਾਦਵ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ 9 ਅਕਤੂਬਰ 2024 ਨੂੰ ਫਰੀਦਕੋਟ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਤਲਕਾਂਡ ਦਾ ਹੈਂਡਲਰ ਕਰਮਵੀਰ ਸਿੰਘ ਸੀ ਜੋ ਕੈਨੇਡਾ ਰਹਿੰਦਾ ਹੈ ਅਤੇ ਵਿਦੇਸ਼ 'ਚ ਬੈਠਾ ਅਰਸ਼ ਡੱਲਾ ਇਸ ਕਤਲ ਦਾ ਮਾਸਟਰਮਾਈਂਡ ਹੈ।
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਕਤਲ ਦੇ ਨਾਲ ਹੀ ਮੁਲਜ਼ਮਾਂ ਦਾ ਕੁੱਝ ਹੋਰ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਇਰਾਦਾ ਸੀ। ਡੀਜੀਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਕਤਲ ਮਾਮਲੇ 'ਚ ਪੁਲਿਸ ਨੇ ਜਿਹੜੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਓਨਾ ਵਿੱਚ ਬਿਲਾਲ ਅਹਿਮਦ, ਅਰਸ਼ਦੀਪ ਝੰਡੂ, ਗੁਰ ਅਮਰ ਸਿੰਘ ਸ਼ਾਮਲ ਹਨ। ਇਸਤੋਂ ਇਲਾਵਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਤੋਂ ਵੀ ਮਾਮਲੇ 'ਚ ਪੁੱਛਗਿਛ ਕੀਤੀ ਜਾਵੇਗੀ।
ਡੀਜੀਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਰਿਸ ਪੰਜਾਬ ਜੱਥੇਬੰਦੀ ਦੇ ਸੰਸਥਾਪਕ ਮੈਂਬਰ ਸਨ ਅਤੇ ਉਨ੍ਹਾਂ ਨੂੰ 2021 ਵਿੱਚ ਖਜ਼ਾਨਚੀ ਬਣਾਇਆ ਗਿਆ ਸੀ। ਦੀਪ ਦੀ ਮੌਤ ਤੋਂ ਬਾਅਦ, ਉਹ ਅੰਮ੍ਰਿਤਪਾਲ ਦੇ ਨੇੜੇ ਰਿਹਾ ਪਰ ਬਾਅਦ ਵਿੱਚ ਵੱਖ ਹੋ ਗਿਆ ਅਤੇ ਸੋਸ਼ਲ ਮੀਡੀਆ 'ਤੇ ਅੰਮ੍ਰਿਤਪਾਲ ਖਿਲਾਫ ਕੁੱਝ ਪੋਸਟਾਂ ਵੀ ਪਾਈਆਂ ਸਨ। ਫਿਲਹਾਲ ਸਾਰੇ ਬਿੰਦੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ, ਜੇਕਰ ਸਬੂਤ ਮਿਲੇ ਤਾਂ ਜਾਂਚ ਪੇਸ਼ੇਵਰ ਤਰੀਕੇ ਨਾਲ ਕੀਤੀ ਜਾਵੇਗੀ।
- PTC NEWS