Virsa Singh Valtoha : ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਵਿੱਚੋਂ 10 ਸਾਲ ਲਈ ਕੀਤਾ ਜਾਵੇ ਬਾਹਰ, ਪੰਜ ਸਿੰਘ ਸਾਹਿਬਾਨ ਨੇ ਜਾਰੀ ਕੀਤੇ ਆਦੇਸ਼
Virsa Singh Valtoha : ਸ੍ਰੀ ਅਕਾਲ ਸਾਹਿਬ ਵੱਲੋਂ ਵਿਰਸਾ ਸਿੰਘ ਵਲਟੋਹਾ ਦੇ ਮਾਮਲੇ 'ਚ ਵੱਡਾ ਫੈਸਲਾ ਸੁਣਾਇਆ ਗਿਆ ਹੈ। ਪੰਜ ਸਿੰਘ ਸਾਹਿਬਾਨ ਨੇ ਫੈਸਲਾ ਸੁਣਾਉਂਦਿਆਂ ਸੀਨੀਅਰ ਅਕਾਲੀ ਲੀਡਰ ਨੂੰ ਅਕਾਲੀ ਦਲ ਵਿਚੋਂ 10 ਸਾਲ ਲਈ ਬਾਹਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੰਜ ਸਿੰਘ ਸਾਹਿਬਾਨ ਨੇ ਬੈਠਕ ਉਪਰੰਤ ਹੁਕਮ ਜਾਰੀ ਕਰਦਿਆਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਵਲਟੋਹਾ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰਨ ਲਈ ਕਿਹਾ ਹੈ।
ਵਿਰਸਾ ਸਿੰਘ ਵਲਟੋਹਾ ਮਾਮਲੇ 'ਚ ਪੰਜ ਸਿੰਘ ਸਾਹਿਬਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਸਖਤ ਫੈਸਲਾ ਲਿਆ। ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਵਲਟੋਹਾ ਨੂੰ 10 ਸਾਲ ਲਈ ਪਾਰਟੀ 'ਚੋਂ ਕੱਢਣ ਦਾ ਆਦੇਸ਼ ਦਿੱਤਾ ਹੈ। ਨਾਲ ਹੀ 24 ਘੰਟੇ ਦੇ ਅੰਦਰ-ਅੰਦਰ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਅਤੇ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਨ ਦਾ ਵੀ ਹੁਕਮ ਦਿੱਤਾ। ਸਿੰਘ ਸਾਹਿਬਾਨ ਨੇ ਕਾਨਫਰੰਸ ਦੌਰਾਨ ਕਿਹਾ ਕਿ ਵਲਟੋਹਾ ਨੇ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨ ਦਾ ਕੋਝਾ ਯਤਨ ਕੀਤਾ ਹੈ।
ਇਸਤੋਂ ਪਹਿਲਾਂ ਸਵੇਰੇ ਵਿਰਸਾ ਸਿੰਘ ਵਲਟੋਹਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਏ ਸਨ ਅਤੇ ਸਿੰਘ ਸਾਹਿਬਾਨ ਨੂੰ ਆਪਣਾ ਸਪੱਸ਼ਟੀਕਰਨ ਸੌਂਪਿਆ ਸੀ। ਦੱਸ ਦਈਏ ਕਿ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ 15 ਅਕਤੂਬਰ ਨੂੰ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ।
ਸਿੰਘ ਸਾਹਿਬਾਨ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਵਿਰਸਾ ਸਿੰਘ ਵਲਟੋਹਾ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨਾਲ ਹੋਈ ਗੱਲਬਾਤ ਦੀ ਬਿਨਾਂ ਦੱਸੇ ਰਿਕਾਰਡਿੰਗ ਕਰਕੇ ਵਿਸ਼ਵਾਸਘਾਤ ਕਰਨਾ, ਸੁਣੀਆਂ-ਸੁਣਾਈਆਂ ਗੱਲਾਂ ਦੇ ਅਧਾਰ 'ਤੇ ਮੀਡੀਆ ਵਿਚ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨਾ, ਜਥੇਦਾਰ ਸਾਹਿਬਾਨ ਦੀਆਂ ਵਿਦੇਸ਼ ਵਿਚ ਜਾਇਦਾਦਾਂ ਸਬੰਧੀ ਦਿੱਤੇ ਝੂਠੇ ਬਿਆਨ ਸਬੰਧੀ ਕੋਈ ਪੁਖਤਾ ਸਬੂਤ ਪੇਸ਼ ਕਰਨ ਦੀ ਬਜਾਏ ਝੂਠੀਆਂ ਤੇ ਬੇਬੁਨਿਆਦ ਗੱਲਾਂ ਕਰਕੇ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸਿੰਘ ਸਹਿਬਾਨ ਨੇ ਕਿਹਾ ਕਿ ਵਲਟੋਹਾ ਨੇ ਲਿਖਤੀ ਰੂਪ ਵਿਚ ਆਪਣੀ ਕੀਤੀਆਂ ਗਲਤੀਆਂ ਦੀ ਮੁਆਫੀ ਮੰਗੀ ਹੈ। ਪਰ ਇਸਦੀ ਮੀਡੀਆਂ ਵਿਚ ਕੀਤੀ ਬਿਆਨਬਾਜ਼ੀ ਨਾਲ ਤਖ਼ਤ ਸਾਹਿਬਾਨ ਜੀ ਦੀ ਮਾਨ ਮਰਯਾਦਾ ਨੂੰ ਢਾਹ ਲੱਗੀ ਹੈ। ਇਸ ਲਈ ਹੋਰ ਸਖ਼ਤ ਕਾਰਵਾਈ ਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ 24 ਘੰਟਿਆਂ ਦੇ ਅੰਦਰ-ਅੰਦਰ ਇਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ 10 ਸਾਲ ਲਈ ਇਸ ਦੇ ਦੁਬਾਰਾ ਪਾਰਟੀ ਵਿਚ ਸ਼ਾਮਲ ਹੋਣ 'ਤੇ ਰੋਕ ਲਗਾਈ ਜਾਵੇ।ਜੇ ਫਿਰ ਵੀ ਇਹ ਬਾਜ ਨਾ ਆਇਆ ਤਾਂ ਇਸ ਖਿਲਾਫ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
- PTC NEWS