ਅਸਾਮ-ਮੇਘਾਲਿਆ ਸਰਹੱਦ 'ਤੇ ਹਿੰਸਾ, ਗੋਲ਼ੀਬਾਰੀ 'ਚ 6 ਲੋਕਾਂ ਦੀ ਮੌਤ
ਸ਼ਿਲਾਂਗ (ਮੇਘਾਲਿਆ) : ਅਸਾਮ-ਮੇਘਾਲਿਆ ਸਰਹੱਦ 'ਤੇ ਲੱਕੜ ਦੀ ਤਸਕਰੀ ਨੂੰ ਰੋਕਦੇ ਹੋਏ ਮੰਗਲਵਾਰ ਤੜਕੇ ਹਿੰਸਾ ਭੜਕ ਗਈ। ਹਿੰਸਾ ਵਿੱਚ ਇੱਕ ਜੰਗਲਾਤ ਗਾਰਡ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਸਾਮ-ਮੇਘਾਲਿਆ ਸਰਹੱਦ 'ਤੇ ਗੈਰ-ਕਾਨੂੰਨੀ ਲੱਕੜ ਲੈ ਕੇ ਜਾ ਰਹੇ ਇਕ ਟਰੱਕ ਨੂੰ ਪੁਲਸ ਵੱਲੋਂ ਰੋਕੇ ਜਾਣ ਤੋਂ ਬਾਅਦ ਹਿੰਸਾ ਸ਼ੁਰੂ ਹੋਈ। ਸਾਵਧਾਨੀ ਦੇ ਤੌਰ 'ਤੇ 7 ਜ਼ਿਲਿਆਂ 'ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।
ਮੇਘਾਲਿਆ ਸਰਕਾਰ ਦੇ ਗ੍ਰਹਿ (ਪੁਲਿਸ) ਵਿਭਾਗ ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਮੇਘਾਲਿਆ ਦੇ ਸੱਤ ਜ਼ਿਲ੍ਹਿਆਂ ਵਿੱਚ ਮੰਗਲਵਾਰ ਸਵੇਰੇ 10:30 ਵਜੇ ਤੋਂ ਮੋਬਾਈਲ ਇੰਟਰਨੈਟ/ਡਾਟਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਪੁਸ਼ਟੀ ਕੀਤੀ ਕਿ ਘਟਨਾ ਵਿੱਚ ਮੇਘਾਲਿਆ ਦੇ ਪੰਜ ਅਤੇ ਅਸਾਮ ਦੇ ਇੱਕ ਜੰਗਲਾਤ ਗਾਰਡ ਸਮੇਤ ਕੁੱਲ ਛੇ ਵਿਅਕਤੀ ਮਾਰੇ ਗਏ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਮੇਘਾਲਿਆ ਪੁਲਿਸ ਦੁਆਰਾ ਇੱਕ ਐਫਆਈਆਰ ਦਰਜ ਕੀਤੀ ਗਈ ਹੈ।ਮੇਘਾਲਿਆ ਰਾਜ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਮੀਡੀਆ (ਵਟਸਐਪ ਅਤੇ ਸੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ ਟਵਿੱਟਰ, ਯੂਟਿਊਬ ਆਦਿ) ਦੀ ਦੁਰਵਰਤੋਂ ਨੂੰ ਰੋਕਣ ਲਈ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ, ਮੇਘਾਲਿਆ ਦੇ ਗ੍ਰਹਿ (ਪੁਲਿਸ) ਵਿਭਾਗ ਦੇ ਸਕੱਤਰ ਸੀ.ਵੀ.ਡੀ. ਡਿਏਂਗਦੋਹ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
- PTC NEWS