Former MLA Madan Lal Jalalpur : ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨਾਮਜ਼ਦ, ਲੁੱਕ ਆਊਟ ਨੋਟਿਸ ਜਾਰੀ
ਪਟਿਆਲਾ : ਪਟਿਆਲਾ ਦੇ ਘਨੌਰ ਹਲਕੇ ਦੇ ਅੰਮ੍ਰਿਤਸਰ- ਕੋਲਕਾਤਾ ਇੰਟੈਗਰੇਟੇਡ ਕੌਰੀਡੋਰ ਲਈ ਬਲਾਕ ਸ਼ੰਭੂ ਦੇ 5 ਪਿੰਡਾਂ ਦੀ 1104 ਏਕੜ ਜ਼ਮੀਨ ਐਕਵਾਇਰ ਕਰਨ ਵਿਚ ਹੋਏ ਕਥਿਤ ਘਪਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ ਲੁੱਕ ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ।
ਕਾਬਿਲੇਗੌਰ ਹੈ ਕਿ PVB ਨੇ ਪੰਜ ਪਿੰਡਾਂ ਆਕੜੀ, ਸੇਹਰਾ, ਸੇਹਰੀ, ਤਖਤੂਮਾਜਰਾ ਅਤੇ ਪੱਬਰਾਂ ਦੀ 1104 ਏਕੜ ਜ਼ਮੀਨ ਅਧਿਗ੍ਰਹਿਣ ਕੀਤੀ ਗਈ ਸੀ, ਜਿਸ ਦਾ ਕਰੀਬ 205 ਕਰੋੜ ਰੁਪਏ ਮੁਆਵਜ਼ਾ ਦਿੱਤਾ ਗਿਆ ਸੀ ਅਤੇ ਇਨ੍ਹਾਂ ਪਿੰਡਾਂ ਦੇ ਚਕੌਤੇਦਾਰਾਂ ਨੂੰ 97.8 ਕਰੋੜ ਰੁਪਏ ਵੱਖਰੇ ਮਿਲੇ ਸਨ।
ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਤੋਂ ਇਲਾਵਾ ਵਿਜੀਲੈਂਸ ਬਿਊਰੋ ਪਟਿਆਲਾ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਸੀ। ਵਿਜੀਲੈਂਸ ਰੇਂਜ ਪਟਿਆਲਾ ਨੇ 26 ਮਈ, 2022 ਨੂੰ ਐਫਆਈਆਰ ਦਰਜ ਕੀਤੀ ਸੀ ਤੇ ਹੁਣ ਤੱਕ ਇਸ ਕੇਸ 'ਚ ਸਰਕਾਰੀ ਤੇ ਪ੍ਰਾਈਵੇਟ 34 ਵਿਅਕਤੀ ਨਾਮਜ਼ਦ ਕੀਤੇ ਹਨ ਤੇ ਇਨ੍ਹਾਂ 'ਚ 10 ਪ੍ਰਾਈਵੇਟ ਫ਼ਰਮਾਂ ਵੀ ਸ਼ਾਮਲ ਹਨ।
ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕਰੋੜਾਂ ਰੁਪਏ ਦੀ ਮੁਆਵਜ਼ਾ ਰਾਸ਼ੀ ਨਾਲ ਜੋ ਵਿਕਾਸ ਕੰਮ ਕਰਵਾਏ ਗਏ ਹਨ, ਉਨ੍ਹਾਂ 'ਚ ਕਰੋੜਾਂ ਰੁਪਏ ਦਾ ਗ਼ਬਨ ਤੇ ਬੇਨਿਯਮੀਆਂ ਕੀਤੀਆਂ ਗਈਆਂ ਹਨ। ਅਹਿਮ ਸੂਤਰਾਂ ਅਨੁਸਾਰ ਇਕ ਪ੍ਰਾਈਵੇਟ ਫ਼ਰਮ ਦੇ ਠੇਕੇਦਾਰ ਨੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਹਿੱਸਾ ਦਿੱਤੇ ਜਾਣ ਦੀ ਗੱਲ ਕਬੂਲੀ ਹੈ।
ਇਹ ਵੀ ਪੜ੍ਹੋ : ਮੋਗਾ 'ਚ ਕਾਲਾ ਧਨੌਲਾ ਗਰੁੱਪ ਦੇ ਤਿੰਨ ਗੈਂਗਸਟਰ ਅਸਲੇ ਸਣੇ ਗ੍ਰਿਫ਼ਤਾਰ
ਗੌਰਤਲਬ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬੀਤੇ ਮਹੀਨੇ ਇਸ ਕੇਸ 'ਚ ਨਾਮਜ਼ਦ 19 ਹੋਰ ਵਿਅਕਤੀ ਜਿਨ੍ਹਾਂ ਵਿਚ ਸਰਪੰਚ ਤੇ ਪੰਚਾਇਤ ਅਫ਼ਸਰ ਸ਼ਾਮਲ ਹਨ ਦੀ ਪੇਸ਼ਗੀ ਜ਼ਮਾਨਤ ਖ਼ਾਰਿਜ ਕਰ ਦਿੱਤੀ ਸੀ ਅਤੇ ਬਹੁਤਿਆਂ ਵੱਲੋਂ ਜਾਂਚ ਵਿਚ ਸ਼ਾਮਲ ਹੋ ਕੇ ਵਿਜੀਲੈਂਸ ਕੋਲ ਖੁਲਾਸੇ ਕੀਤੇ ਸਨ ਜਿਸ ਤੋਂ ਬਾਅਦ ਹੀ ਸਾਬਕਾ ਵਿਧਾਇਕ ਨੂੰ ਨਾਮਜ਼ਦ ਕੀਤਾ ਗਿਆ ਹੈ।
ਰਿਪੋਰਟ-ਗਗਨਦੀਪ ਆਹੂਜਾ
- PTC NEWS