ਗੁਰਦਾਸਪੁਰ ਦੇ ਵਿਧਾਇਕ ਪਾਹੜਾ ਦੇ ਘਰ ਪੁੱਜੀ ਵਿਜੀਲੈਂਸ, ਬਾਰੀਕੀ ਨਾਲ ਦਸਤਾਵੇਜ਼ ਖੰਗਾਲੇ
ਅੰਮ੍ਰਿਤਸਰ : ਵਿਜੀਲੈਂਸ ਵੱਲੋਂ ਕਾਂਗਰਸੀ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ ਦੀ ਚੱਲ ਅਚੱਲ ਜਾਇਦਾਦ ਦੀ ਜਾਂਚ ਜਾਰੀ ਹੈ। ਅੰਮ੍ਰਿਤਸਰ ਵਿਜੀਲੈਂਸ ਰੇਂਜ ਦੀ ਟੀਮ ਪੰਜਾਬ ਦੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਘਰ ਅਤੇ ਸ਼ਾਪਿੰਗ ਕੰਪਲੈਕਸ ਪਹੁੰਚੀ।
ਟੀਮ ਨੇ ਇੱਥੇ ਜਾਇਦਾਦ ਦਾ ਮੁਆਇਨਾ ਕੀਤਾ ਅਤੇ ਕੁਝ ਦਸਤਾਵੇਜ਼ਾਂ ਦੀ ਜਾਂਚ ਕੀਤੀ। ਮਹੱਤਵਪੂਰਨ ਗੱਲ ਇਹ ਹੈ ਕਿ ਵਿਧਾਇਕ ਪਾਹੜਾ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅੱਜ ਪਾਹੜਾ ਦੇ ਘਰ ਤੇ ਸ਼ਾਪਿੰਗ ਕੰਪਲੈਕਸ ਦੀ ਆਸੇਸਮੈਂਟ ਕੀਤੀ ਗਈ। ਡੀਐਸਪੀ ਯੋਗੇਸ਼ਵਰ ਦੀ ਟੀਮ ਵੱਲੋਂ ਮਿਣਤੀ ਸਾਰੀ ਮਿਣਤੀ ਕੀਤੀ ਗਈ।
ਇਸ ਜਾਂਚ ਦੇ ਸਬੰਧ 'ਚ ਪਿਛਲੇ ਮਹੀਨੇ ਵਿਧਾਇਕ ਪਾਹੜਾ ਨੂੰ ਡੀਐਸਪੀ ਵਿਜੀਲੈਂਸ ਗੁਰਦਾਸਪੁਰ ਦਫ਼ਤਰ ਵਿੱਚ ਬੁਲਾਇਆ ਗਿਆ ਸੀ। ਜਿੱਥੇ ਉਸ ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਵਿਜੀਲੈਂਸ ਟੀਮ ਨੇ ਵਿਧਾਇਕ ਤੋਂ ਕਈ ਜਾਇਦਾਦਾਂ ਦੀ ਖਰੀਦ ਸਬੰਧੀ ਦਸਤਾਵੇਜ਼ ਮੰਗੇ ਸਨ। ਹੁਣ ਵਿਜੀਲੈਂਸ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਜਾਂਚ ਕਰ ਰਹੀ ਹੈ। ਵਿਧਾਇਕ ਪਾਹੜਾ ਤੋਂ ਇਲਾਵਾ ਮੌਜੂਦਾ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ, ਪਿਤਾ ਗੁਰਮੀਤ ਸਿੰਘ ਪਾਹੜਾ, ਜਗਬੀਰ ਸਿੰਘ ਜੱਗੀ ਨੂੰ ਵਿਜੀਲੈਂਸ ਜਾਂਚ ਲਈ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਆਗੂਆਂ ਨੂੰ ਸੌਂਪੀਆਂ ਅਹਿਮ ਜਿੰਮੇਵਾਰੀਆਂ
ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਪਿਛਲੇ ਮਹੀਨੇ ਵਿਜੀਲੈਂਸ ਵਿਭਾਗ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਦਫ਼ਤਰ ਪੁੱਜੇ ਸਨ। ਇਸ ਦੌਰਾਨ ਡੀਐਸਪੀ ਵਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਉਕਤ ਡੀਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ। ਖਾਸ ਗੱਲ ਇਹ ਹੈ ਕਿ ਇਸ ਮਾਮਲੇ ਦੀ ਜਾਂਚ ਐੱਸਐੱਸਪੀ ਵਿਜੀਲੈਂਸ ਖੁਦ ਕਰ ਰਹੇ ਹਨ ਅਤੇ ਬਣਾਈ ਗਈ ਐੱਸਆਈਟੀ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹੀ ਕੰਮ ਕਰ ਰਹੀ ਹੈ।
- PTC NEWS