ਵਿਜੀਲੈਂਸ ਨੇ ‘ਗੋਲਡਨ ਪ੍ਰੋਜੈਕਟਸ’ ਫਰਮ ਦੇ ਭਗੌੜੇ ਡਾਇਰੈਕਟਰ ਨੂੰ ਕੀਤਾ ਕਾਬੂ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ 2002 ਤੋਂ ਭਗੌੜੇ ਚਲੇ ਆ ਰਹੇ ‘ਗੋਲਡਨ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ’ ਝਰਮੜੀ, ਤਹਿਸੀਲ ਡੇਰਾਬੱਸੀ ਸਥਿਤ ਫਰਮ ਦੇ ਦੋਸ਼ੀ ਡਾਇਰੈਕਟਰਾਂ ਵਿੱਚੋਂ ਇੱਕ ਵਿਨੋਦ ਮਹਾਜਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਗੈਰ-ਬੈਂਕਿੰਗ ਵਿੱਤੀ ਸੰਸਥਾ ਨੂੰ 1996 ਵਿੱਚ ਚਾਰ ਡਾਇਰੈਕਟਰਾਂ ਦੁਆਰਾ ਸਰਕਾਰ ਕੋਲ ਇੱਕ ਫਰਮ ਵਜੋਂ ਰਜਿਸਟਰ ਕਰਵਾਇਆ ਗਿਆ ਸੀ, ਜਿਸ ਵਿੱਚ ਪੰਚਕੂਲਾ ਤੋਂ ਰਾਕੇਸ਼ ਕਾਂਤ ਸਿਆਲ, ਉਨ੍ਹਾਂ ਦੀ ਪਤਨੀ ਬਿਮਲਾ ਸਿਆਲ, ਸ੍ਰੀਮਤੀ ਰੁਮਿਲਾ ਸਿਨਹਾ ਵਾਸੀ ਪੰਚਕੂਲਾ ਅਤੇ ਵਿਨੋਦ ਮਹਾਜਨ ਵਾਸੀ ਪਿੰਡ ਆਰਿਫਵਾਲਾ, ਕਪੂਰਥਲਾ, ਜੋ ਕਿ ਹੁਣ ਵਾਸੀ ਪੰਚਕੂਲਾ, ਸ਼ਾਮਲ ਹਨ।
ਬੁਲਾਰੇ ਨੇ ਦੱਸਿਆ ਕਿ ਉਕਤ ਡਾਇਰੈਕਟਰਾਂ ਨੇ ਜ਼ਮੀਨ ਦੀ ਮਾਲਕੀ ਦੇਣ ਲਈ ਨਿਵੇਸ਼ਕਾਂ ਨੂੰ ਝਾਂਸਾ ਦੇ ਕੇ ਜ਼ਿਲ੍ਹਾ ਰੂਪਨਗਰ ਦੀ ਤਹਿਸੀਲ ਨੂਰਪੁਰ ਬੇਦੀ ਵਿਖੇ 530 ਏਕੜ ਵਾਹੀਯੋਗ ਜ਼ਮੀਨ ਖਰੀਦੀ ਸੀ। ਇਸ ਤੋਂ ਇਲਾਵਾ ਉਪਰੋਕਤ ਮੁਲਜ਼ਮਾਂ ਨੇ ਨਿਵੇਸ਼ਕਾਂ ਤੋਂ ਵਸੂਲੇ ਗਏ ਪੈਸਿਆਂ ਦੇ ਬਦਲੇ ਉਨ੍ਹਾਂ ਨੂੰ ਚੋਖਾ ਪੈਸਾ ਦੇਣ ਦਾ ਭਰੋਸਾ ਵੀ ਦਿੱਤਾ ਸੀ।
ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਡਾਇਰੈਕਟਰਾਂ ਨੇ ਉਕਤ ਜ਼ਮੀਨ ਦਾ ਨਾ ਵਿਕਾਸ ਕੀਤਾ ਅਤੇ ਨਾ ਹੀ ਨਿਵੇਸ਼ਕਾਂ ਨੂੰ ਮਾਲਕੀ ਦੇ ਅਧਿਕਾਰ ਦਿੱਤੇ। ਇਸ ਤੋਂ ਇਲਾਵਾ, ਨਿਵੇਸ਼ਕਾਂ ਨੂੰ ਉਨ੍ਹਾਂ ਦੇ ਨਾਲ ਹੋਏ ਸਮਝੌਤਿਆਂ ਵਿੱਚ ਯਕੀਨੀ ਤੌਰ ’ਤੇ ਪੋਸਟ ਡੇਟਿਡ ਚੈੱਕ ਵੀ ਨਹੀਂ ਦਿੱਤੇ ਗਏ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਉਕਤ ਕੰਪਨੀ ਦੇ ਚਾਰਾਂ ਡਾਇਰੈਕਟਰਾਂ ਖਿਲਾਫ ਆਈ.ਪੀ.ਸੀ. ਦੀ ਧਾਰਾ 406, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7(2), 13(1), 13(2) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਕੇਸ ਦਰਜ ਕੀਤਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ੳਕਤ ਦੋਸ਼ੀ ਵਿਨੋਦ ਮਹਾਜਨ ਨੂੰ ਅਦਾਲਤ ਵੱਲੋਂ ਸਾਲ 2002 ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਹੀ ਉਹ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
- PTC NEWS