Barnala News : ਵਿਜੀਲੈਂਸ ਬਿਊਰੋ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਪਟਵਾਰੀ ਤੇ ਕਾਨੂੰਗੋ ਕਾਬੂ, ਕਾਨੂੰਗੋ ਦੀ ਭੈਣ ਵੀ ਕੇਸ 'ਚ ਨਾਮਜ਼ਦ
Barnala News : ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਨੇ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ’ਚ ਇੱਕ ਪਟਵਾਰੀ ਤੇ ਫ਼ੀਲਡ ਕਾਨੂੰਗੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ’ਚ ਸ਼ਾਮਲ ਫੀਲਡ ਕਾਨੂੰਗੋ ਦੀ ਭੈਣ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਉਸਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ ਪਟਵਾਰੀ ਬਰਨਾਲਾ ਜ਼ਿਲ੍ਹੇ ਦੀ ਪਟਵਾਰ ਯੂਨੀਅਨ ਦਾ ਪ੍ਰਧਾਨ ਹੈ।
ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਅਨੁਸਾਰ ਵਿਜੀਲੈਂਸ ਨੂੰ ਕਿਰਨਜੀਤ ਕੌਰ ਧਾਲੀਵਾਲ ਪਤਨੀ ਲੇਟ. ਮਨਜੀਤ ਸਿੰਘ ਧਾਲੀਵਾਲ ਵਾਸੀ ਠੁੱਲੀਵਾਲ ਨੇ ਇਸ ਸਬੰਧੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿੱਚ ਵਜੀਦਕੇ ਕਲਾਂ ਸਰਕਲ ਦੇ ਪਟਵਾਰੀ ਮੰਦਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਪੱਤੀ ਔਲਖ ਠੀਕਰੀਵਾਲਾ , ਫੀਲਡ ਕਾਨੂੰਗੋ ਸੰਘੇੜਾ ਗੁਰਚਰਨ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਠੁੱਲੀਵਾਲ ਅਤੇ ਕਾਨੂੰਨਗੋ ਦੀ ਭੈਣ ਮਹਿੰਦਰ ਕੌਰ ਵਿਧਵਾ ਅਜਮੇਰ ਸਿੰਘ ਵਾਸੀ ਨੰਗਲ ’ਤੇ ਜ਼ਮੀਨ ਦੇ ਕੰਮ ਬਦਲੇ ਪਹਿਲਾਂ 10 ਹਜ਼ਾਰ, ਮਗਰੋਂ 5 ਹਜ਼ਾਰ ਰੁਪਏ ਰਿਸ਼ਵਤ ਲਈ ਸੀ।
ਸ਼ਿਕਾਇਤ ਦੀ ਡੂੰਘਾਈ ਨਾਲ ਪੜ੍ਹਤਾਲ ਕਰਦਿਆਂ ਵਿਜੀਲੈਂਸ ਬਿਊਰ ਵਲੋਂ ਬੁੱਧਵਾਰ ਨੂੰ ਮੰਦਰ ਸਿੰਘ ਪਟਵਾਰੀ ਤੇ ਗੁਰਚਰਨ ਸਿੰਘ ਫ਼ੀਲਡ ਕਾਨੂੰਗੋ ਨੂੰ ਗ੍ਰਿਫਤਾਰ ਕੀਤਾ, ਜਦਕਿ ਮਹਿੰਦਰ ਕੌਰ ਵਿਧਵਾ ਅਜਮੇਰ ਸਿੰਘ ਵਾਸੀ ਨੰਗਲ ਦੀ ਗ੍ਰਿਫ਼ਤਾਰੀ ਬਾਕੀ ਹੈ। ਕਾਬੂ ਕੀਤੇ ਵਿਅਕਤੀਆਂ ਦੇ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮਹਿੰਦਰ ਕੌਰ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
- PTC NEWS