Punjab Vigilance: ਵਿਜੀਲੈਂਸ ਨੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਕੀਤਾ ਗ੍ਰਿਫ਼ਤਾਰ, ਇਸ ਤਰੀਕੇ ਨਾਲ ਲਈ ਸੀ ਨੌਕਰੀ
ਦਲਜੀਤ ਸਿੰਘ (ਚੰਡੀਗੜ੍ਹ, 18 ਜੁਲਾਈ): ਪੰਜਾਬ ਵਿਜੀਲੈਂਸ ਬਿਊਰੋ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਮੋਹਾਲੀ ਵਿਖੇ ਤੈਨਾਤ ਪ੍ਰਿੰਸੀਪਲ ਪਰਮਜੀਤ ਕੌਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਜਾਅਲੀ ਡਿਗਰੀ ਦੇ ਆਧਾਰ ‘ਤੇ ਸਰਕਾਰੀ ਨੌਕਰੀ ਲੈਣ ਅਤੇ ਤਰੱਕੀ ਹਾਸਲ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ।
ਡਿਗਰੀ ਦੇ ਆਧਾਰ ‘ਤੇ ਹਾਸਿਲ ਕੀਤੀ ਸਰਕਾਰੀ ਨੌਕਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਪਰਮਜੀਤ ਕੌਰ ਨੇ ਬਿਹਾਰ ਦੀ ਮਗਧ ਯੂਨੀਵਰਸਿਟੀ ਵੱਲੋਂ ਜਾਰੀ ਐਮ.ਕਾਮ ਦੀ ਡਿਗਰੀ ਦੇ ਆਧਾਰ ਉਤੇ ਸਰਕਾਰੀ ਨੌਕਰੀ ਹਾਸਲ ਕੀਤੀ ਸੀ। ਡਿਗਰੀ ਦੀ ਤਸਦੀਕ ਨਾ ਹੋਣ ਉਪਰੰਤ ਉਸ ਖ਼ਿਲਾਫ਼ ਵਿਜੀਲੈਂਸ ਜਾਂਚ ਕੀਤੀ ਗਈ।
'ਨੌਕਰੀ ਲੈਣ ਲਈ ਵਰਤੀ ਗਈ ਡਿਗਰੀ ਨਿਕਲੀ ਫ਼ਰਜ਼ੀ'
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੇ ਪਾਇਆ ਕਿ ਉਕਤ ਪ੍ਰਿੰਸੀਪਲ ਵੱਲੋਂ ਸਰਕਾਰੀ ਨੌਕਰੀ ਲੈਣ ਲਈ ਵਰਤੀ ਗਈ ਡਿਗਰੀ ਫ਼ਰਜ਼ੀ ਹੈ। ਸਰਕਾਰੀ ਨੌਕਰੀ ਅਤੇ ਤਰੱਕੀ ਲਈ ਜਾਅਲੀ ਡਿਗਰੀ ਸਰਟੀਫਿਕੇਟ ਦਾ ਸਹਾਰਾ ਲੈਣ ਦੇ ਦੋਸ਼ ਹੇਠ ਮੁਲਜ਼ਮ ਪ੍ਰਿੰਸੀਪਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
- PTC NEWS