Manoj Kumar Funeral : ਬਾਲੀਵੁੱਡ ਦੇ ਦਿੱਗਜ ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ, ਪ੍ਰੇਮ ਚੋਪੜਾ ਅਤੇ ਅਮਿਤਾਭ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ
Manoj Kumar Funeral :ਬਾਲੀਵੁੱਡ ਦੇ ਦਿੱਗਜ ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ ਦਾ ਸ਼ਨੀਵਾਰ ਨੂੰ ਮੁੰਬਈ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿੱਚ ਲਪੇਟ ਕੇ ਮੁੰਬਈ 'ਚ ਜੁਹੂ ਸਥਿਤ ਪਵਨਹੰਸ ਸ਼ਮਸ਼ਾਨਘਾਟ ਲਿਆਂਦਾ ਗਿਆ। ਉਨ੍ਹਾਂ ਦੇ ਪੁੱਤਰ ਕੁਨਾਲ ਗੋਸਵਾਮੀ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿੱਤੀ।
ਪ੍ਰਸ਼ੰਸਕਾਂ ਲਈ ਮਨੋਜ ਕੁਮਾਰ ਦੇ ਅੰਤਿਮ ਦਰਸ਼ਨਾਂ ਲਈ ਅਦਾਕਾਰ ਦੀ ਇੱਕ ਵੱਡੀ ਤਸਵੀਰ ਨਾਲ ਇੱਕ ਗੱਡੀ ਨੂੰ ਵੀ ਸਜਾਇਆ ਗਿਆ ਸੀ। ਨਾਲ ਹੀ ਮਨੋਜ ਕੁਮਾਰ ਨੂੰ ਰਾਜਕੀ ਸਨਮਾਨ ਦਿੱਤਾ ਗਿਆ। ਆਪਣੇ ਦੋਸਤ ਅਤੇ ਸਾਥੀ ਕਲਾਕਾਰ ਨੂੰ ਅੰਤਿਮ ਵਿਦਾਈ ਦੇਣ ਲਈ ਬਾਲੀਵੁੱਡ ਅਦਾਕਾਰ ਮੌਜੂਦ ਸਨ। ਇੱਥੇ ਅਦਾਕਾਰ ਪ੍ਰੇਮ ਚੋਪੜਾ, ਅਮਿਤਾਭ ਬੱਚਨ, ਰਾਜ ਬੱਬਰ, ਸਾਇਰਾ ਬਾਨੋ, ਅਸ਼ੋਕ ਪੰਡਿਤ, ਅਭਿਸ਼ੇਕ ਬੱਚਨ, ਸੁਭਾਸ਼ ਘਈ ,ਰਜ਼ਾ ਮੁਰਾਦ, ਰਾਜਪਾਲ ਯਾਦਵ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ ਸਨ।
ਦੱਸ ਦੇਈਏ ਕਿ ਮਨੋਜ ਕੁਮਾਰ ਲੰਬੇ ਸਮੇਂ ਤੋਂ ਸਿਹਤ ਸੰਬੰਧੀ ਬੀਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਸਨੂੰ 21 ਫਰਵਰੀ 2025 ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮਨੋਜ ਕੁਮਾਰ ਦਾ ਸ਼ੁੱਕਰਵਾਰ ਨੂੰ 87 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਆਖਰੀ ਸਾਹ ਲਿਆ। ਦੇਸ਼ ਭਗਤੀ ਵਾਲੀਆਂ ਫ਼ਿਲਮਾਂ ਬਣਾਉਣ ਲਈ ਉਸਨੂੰ ਭਰਤ ਕੁਮਾਰ ਵਜੋਂ ਵੀ ਜਾਣਿਆ ਜਾਂਦਾ ਹੈ।
- PTC NEWS