Vegetable Farming : ਅਕਤੂਬਰ ਮਹੀਨੇ 'ਚ ਬੀਜੋ ਇਹ 5 ਹਰੀਆਂ ਸਬਜ਼ੀਆਂ, ਬੰਪਰ ਕਮਾਈ ਦਾ ਮੌਕਾ!
Vegetable Farming : ਅਕਤੂਬਰ ਦਾ ਮਹੀਨਾ ਸਬਜ਼ੀਆਂ ਉਗਾਉਣ ਲਈ ਬਹੁਤ ਢੁਕਵਾਂ ਮੰਨਿਆ ਜਾਂਦਾ ਹੈ ਕਿਉਂਕਿ ਸਰਦੀਆਂ ਦੇ ਮੌਸਮ ਵਿੱਚ ਹਰੀਆਂ ਸਬਜ਼ੀਆਂ ਦੀ ਮੰਗ ਜ਼ਿਆਦਾ ਹੁੰਦੀ ਹੈ ਅਤੇ ਕਿਸਾਨਾਂ ਨੂੰ ਥੋੜ੍ਹੇ ਦਿਨਾਂ ਵਿੱਚ ਸਬਜ਼ੀਆਂ ਤੋਂ ਚੰਗਾ ਮੁਨਾਫ਼ਾ ਵੀ ਮਿਲਦਾ ਹੈ। ਕਿਸਾਨ ਅਕਤੂਬਰ ਵਿੱਚ ਚੁਕੰਦਰ, ਬਰੋਕਲੀ, ਮੂਲੀ, ਗਾਜਰ ਅਤੇ ਫੁੱਲ ਗੋਭੀ ਦੀ ਕਾਸ਼ਤ ਕਰਕੇ ਘੱਟ ਲਾਗਤ ਵਿੱਚ ਚੰਗਾ ਮੁਨਾਫਾ ਲੈ ਸਕਦੇ ਹਨ।
ਅਕਤੂਬਰ ਦਾ ਮੌਸਮ ਚੁਕੰਦਰ ਲਈ ਆਦਰਸ਼ ਹੈ, ਇਸ ਮਹੀਨੇ ਵਿੱਚ ਨਾ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਨਾ ਹੀ ਬਹੁਤ ਜ਼ਿਆਦਾ ਠੰਡ ਹੁੰਦੀ ਹੈ। ਇਹ ਤਾਪਮਾਨ ਚੁਕੰਦਰ ਦੇ ਬੀਜਾਂ ਦੇ ਉਗਣ ਅਤੇ ਪੌਦਿਆਂ ਦੇ ਵਾਧੇ ਲਈ ਅਨੁਕੂਲ ਹੈ। ਅਕਤੂਬਰ ਵਿੱਚ ਬੀਜੇ ਗਏ ਚੁਕੰਦਰ ਦੇ ਪੌਦੇ ਚੰਗੀ ਤਰ੍ਹਾਂ ਵਧਦੇ ਹਨ ਅਤੇ ਵੱਧ ਉਤਪਾਦਨ ਦਿੰਦੇ ਹਨ। ਇੱਕ ਹੈਕਟੇਅਰ ਵਿੱਚ 30 ਤੋਂ 40 ਕੁਇੰਟਲ ਚੁਕੰਦਰ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਸਰਦੀਆਂ ਦੇ ਮੌਸਮ ਵਿੱਚ ਚੁਕੰਦਰ ਦੀ ਮੰਗ ਵੀ ਵੱਧ ਹੁੰਦੀ ਹੈ, ਜਿਸ ਨਾਲ ਤੁਸੀ ਇਸ ਨੂੰ ਚੰਗੀ ਕੀਮਤ 'ਤੇ ਵੇਚ ਸਕਦੇ ਹੋ।
ਅਕਤੂਬਰ ਦਾ ਮੌਸਮ ਬਰੌਕਲੀ ਦੀ ਕਾਸ਼ਤ ਲਈ ਵੀ ਆਦਰਸ਼ ਹੈ। ਬਰੋਕਲੀ ਇੱਕ ਪੌਸ਼ਟਿਕ ਸਬਜ਼ੀ ਹੈ, ਜੋ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਅਕਤੂਬਰ ਵਿੱਚ ਕੀੜਿਆਂ ਦਾ ਘੱਟ ਹਮਲਾ ਹੁੰਦਾ ਹੈ, ਜਿਸ ਕਾਰਨ ਫ਼ਸਲ ਨੂੰ ਘੱਟ ਨੁਕਸਾਨ ਹੁੰਦਾ ਹੈ। ਕੁਝ ਕਿਸਮਾਂ ਬੀਜਣ ਤੋਂ ਬਾਅਦ ਲਗਭਗ 60 ਤੋਂ 65 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ। ਕੁਝ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਜੋ 75 ਤੋਂ 90 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ। ਬਰੋਕਲੀ ਦੀ ਕਾਸ਼ਤ 19 ਤੋਂ 24 ਟਨ ਪ੍ਰਤੀ ਹੈਕਟੇਅਰ ਝਾੜ ਦੇ ਸਕਦੀ ਹੈ।
ਮੂਲੀ ਦੀ ਕਾਸ਼ਤ ਲਈ ਅਕਤੂਬਰ ਦਾ ਸਮਾਂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਮਹੀਨੇ ਇਹ ਚੰਗੀ ਪੈਦਾਵਾਰ ਵੀ ਦਿੰਦੀ ਹੈ। ਮੌਸਮ ਦੀ ਨਮੀ ਅਤੇ ਠੰਢਕ ਮੂਲੀ ਦੀਆਂ ਜੜ੍ਹਾਂ ਦੇ ਵਿਕਾਸ ਲਈ ਅਨੁਕੂਲ ਹੈ। ਅਗੇਤੀ ਕਿਸਮ ਦੀ ਮੂਲੀ 40 ਤੋਂ 45 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇੱਕ ਹੈਕਟੇਅਰ ਵਿੱਚ ਮੂਲੀ ਦੀ ਫ਼ਸਲ ਤੋਂ ਕਿਸਾਨਾਂ ਨੂੰ ਔਸਤਨ 150 ਤੋਂ 300 ਕੁਇੰਟਲ ਉਤਪਾਦਨ ਮਿਲਦਾ ਹੈ।
ਅਕਤੂਬਰ ਦਾ ਮਹੀਨਾ ਗਾਜਰ ਦੀ ਕਾਸ਼ਤ ਲਈ ਢੁਕਵਾਂ ਹੈ, ਕਿਉਂਕਿ ਇਸ ਮੌਸਮ 'ਚ ਗਾਜਰ ਦੀਆਂ ਜੜ੍ਹਾਂ ਚੰਗੀ ਤਰ੍ਹਾਂ ਵਿਕਸਿਤ ਹੋ ਜਾਂਦੀਆਂ ਹਨ। ਇਸ ਮੌਸਮ ਵਿੱਚ ਉਗਾਈ ਜਾਣ ਵਾਲੀ ਗਾਜਰ ਸਵਾਦਿਸ਼ਟ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਸਰਦੀਆਂ ਵਿੱਚ ਗਾਜਰਾਂ ਦੀ ਮੰਗ ਵਿੀ ਵੱਧ ਜਾਂਦੀ ਹੈ, ਜਿਸ ਕਾਰਨ ਇਨ੍ਹਾਂ ਦਾ ਬਾਜ਼ਾਰ ਵਿੱਚ ਚੰਗਾ ਭਾਅ ਮਿਲਦਾ ਹੈ। ਗਾਜਰ ਦਾ ਔਸਤਨ ਝਾੜ 20 ਤੋਂ 30 ਟਨ ਪ੍ਰਤੀ ਹੈਕਟੇਅਰ ਹੈ ਪਰ ਜੇਕਰ ਚੰਗੀ ਤਰ੍ਹਾਂ ਸੰਭਾਲ ਕੀਤੀ ਜਾਵੇ ਤਾਂ ਉਤਪਾਦਨ 40 ਟਨ ਪ੍ਰਤੀ ਹੈਕਟੇਅਰ ਤੱਕ ਹੋ ਸਕਦਾ ਹੈ।
ਦਰਅਸਲ, ਫੁੱਲ ਗੋਭੀ ਦੀ ਕਾਸ਼ਤ ਸਾਲ ਭਰ ਕੀਤੀ ਜਾ ਸਕਦੀ ਹੈ। ਹਾਲਾਂਕਿ, ਭਾਰਤ ਵਿੱਚ, ਗੋਭੀ ਦੀ ਕਾਸ਼ਤ ਮੁੱਖ ਤੌਰ 'ਤੇ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਸ਼ੁਰੂ ਕੀਤੀ ਜਾਂਦੀ ਹੈ। ਕਿਸਾਨ ਅਕਤੂਬਰ ਮਹੀਨੇ ਗੋਭੀ ਦੀ ਫ਼ਸਲ ਬੀਜ ਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਖਾਸ ਗੱਲ ਇਹ ਹੈ ਕਿ ਗੋਭੀ ਦੀਆਂ ਕਈ ਕਿਸਮਾਂ ਹਨ ਜੋ ਬਹੁਤ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀਆਂ ਹਨ। ਗੋਭੀ ਦੀਆਂ ਕੁਝ ਕਿਸਮਾਂ ਹਨ ਜੋ ਕਿਸਾਨਾਂ ਨੂੰ 40 ਤੋਂ 45 ਟਨ ਪ੍ਰਤੀ ਹੈਕਟੇਅਰ ਉਤਪਾਦਨ ਦਿੰਦੀਆਂ ਹਨ।
- PTC NEWS