ਕੈਪਟਨ ਸਰਕਾਰ ਵੇਲੇ ਦੇ ਸਾਬਕਾ ਓਐਸਡੀ ਖ਼ਿਲਾਫ਼ ਵਿਜੀਲੈਂਸ ਨੇ ਖੋਲਿਆ ਮੋਰਚਾ
ਚੰਡੀਗੜ੍ਹ, 4 ਨਵੰਬਰ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਉਨ੍ਹਾਂ ਦੇ ਖ਼ਾਸ ਰਹੇ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਦੱਸਣਯੋਗ ਹੈ ਦੇ ਕੈਪਟਨ ਸੰਦੀਪ ਸੰਧੂ ਸਾਬਕਾ ਮੁੱਖ ਮੰਤਰੀ ਦੀ ਸਰਕਾਰ ਵਿੱਚ ਉਨ੍ਹਾਂ ਦੇ ਆਫ਼ੀਸਰ ਆਨ ਸਪੈਸ਼ਲ ਡਿਊਟੀ (ਓਐਸਡੀ) ਰਹੇ ਸਨ। ਪਿੰਡਾਂ ਅਤੇ ਸਰਕਾਰੀ ਸਕੂਲਾਂ ਵਿੱਚ ਵੰਡੀਆਂ ਗਈਆਂ ਖੇਡ ਕਿੱਟਾਂ ਅਤੇ ਪਾਣੀ ਵਾਲੇ ਆਰ.ਓ. ਫਿਲਟਰਾਂ ਦੀ ਜਾਂਚ ਵਿਜੀਲੈਂਸ ਦੇ ਹੱਥ 'ਚ ਹੈ ਅਤੇ ਵਿਭਾਗ ਨੇ ਇਸਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੈਪਟਨ ਸੰਦੀਪ ਸੰਧੂ ਪਹਿਲਾਂ ਤੋਂ ਹੀ 65 ਲੱਖ ਰੁਪਏ ਦੇ ਸੋਲਰ ਲਾਈਟਾਂ ਘੁਟਾਲਾ ਮਾਮਲੇ ਵਿੱਚ ਫਰਾਰ ਚੱਲ ਰਹੇ ਹਨ। ਵਿਜੀਲੈਂਸ ਵਿਭਾਗ ਇਸ ਪੂਰੇ ਮਾਮਲੇ 'ਤੇ ਜਾਂਚ ਕਰ ਰਿਹਾ ਹੈ ਤੇ ਹੁਣ ਵਿਭਾਗ ਨੇ ਇਸਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਕਿ ਮੁੱਲਾਂਪੁਰ ਦਾਖਾ ਦੇ ਕਈ ਪਿੰਡਾਂ 'ਚ ਸਰਕਾਰੀ ਸਕੂਲਾਂ 'ਚ ਕਿੰਨੀਆਂ ਖੇਡ ਕਿੱਟਾਂ ਵੰਡੀਆਂ ਗਈਆਂ ਅਤੇ ਸਰਕਾਰੀ ਸਕੂਲਾਂ ਅਤੇ ਪਿੰਡਾਂ ਦੇ ਵਿੱਚ ਕਿੰਨੇ ਪਾਣੀ ਦੇ ਆਰ.ਓ. ਸਿਸਟਮ ਲਾਏ ਗਏ ਸਨ।
ਇਸ ਦੇ ਨਾਲ ਹੀ ਵਿਜੀਲੈਂਸ ਵਿਭਾਗ ਨੇ ਬੀਡੀਪੀਓ ਦਫ਼ਤਰ ਦਾ ਪੂਰਾ ਰਿਕਾਰਡ ਤਲਬ ਕੀਤਾ ਹੈ। ਜਿਸ ਵਿੱਚ ਇਹ ਜਾਣਕਾਰੀ ਮੰਗੀ ਗਈ ਹੈ ਕਿ ਕੈਪਟਨ ਸੰਦੀਪ ਸੰਧੂ ਨੇ ਕਿੰਨੀਆਂ ਖੇਡ ਕਿੱਟਾਂ ਵੰਡੀਆਂ ਅਤੇ ਕਿੰਨੇ ਪਾਣੀ ਦੇ ਆਰ.ਓ. ਸਿਸਟਮ ਲਵਾਏ ਸਨ।
ਕੈਪਟਨ ਸੰਦੀਪ ਸੰਧੂ ਪਿਛਲੇ ਇੱਕ ਮਹੀਨੇ ਤੋਂ ਫਰਾਰ ਚੱਲ ਰਹੇ ਨੇ, ਜੇਕਰ ਖੇਡ ਕਿੱਟਾਂ ਅਤੇ ਪਾਣੀ ਦੇ ਆਰ.ਓ. ਸਿਸਟਮ ਦੇ ਵਿੱਚ ਗੜਬੜੀ ਪਾਈ ਗਈ ਤਾਂ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਲਾਂ ਹੋਰ ਪਹਿਲਾਂ ਨਾਲੋਂ ਦੁੱਗਣੀਆਂ ਹੋ ਜਾਣਗੀਆਂ।
- ਰਿਪੋਰਟਰ ਨਵੀਨ ਸ਼ਰਮਾ ਦੀ ਰਿਪੋਰਟ
- PTC NEWS