ਹਵਾਈ ਅੱਡੇ 'ਤੇ 24 ਘੰਟੇ ਫਸੇ ਰਹੇ ਮੁਸਾਫ਼ਰ, 150 ਯਾਤਰੀਆਂ ਵੱਲੋਂ ਹੰਗਾਮਾ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਾਜਾਸਾਂਸੀ ਸਥਿਤ ਕੌਮਾਂਤਰੀ ਹਵਾਈ ਅੱਡੇ 'ਤੇ ਦੇਰ ਰਾਤ ਮੁਸਾਫ਼ਰਾਂ ਨੇ ਜੰਮ ਕੇ ਹੰਗਾਮਾ ਕੀਤਾ। ਅਮਰੀਕਾ ਜਾਣ ਵਾਲੇ ਯਾਤਰੀ ਪਿਛਲੇ 24 ਘੰਟਿਆਂ ਤੋਂ ਹਵਾਈ ਅੱਡੇ 'ਤੇ ਫਸੇ ਹੋਏ ਸਨ ਪਰ ਨਾ ਤਾਂ ਉਨ੍ਹਾਂ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਫਲਾਈਟ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਰਹੀ ਸੀ। ਕੁਝ ਵੀਡੀਓ ਸਾਂਝੀਆਂ ਕਰਦੇ ਹੋਏ ਮੁਸਾਫ਼ਰਾਂ ਨੇ ਦੱਸਿਆ ਕਿ 150 ਤੋਂ ਵੱਧ ਯਾਤਰੀ ਖੱਜਲ-ਖੁਆਰ ਹੋ ਰਹੇ ਹਨ।
ਜਾਰਜੀਆ, ਅਮਰੀਕਾ (ਇਟਲੀ ਰਾਹੀਂ) ਜਾਣ ਲਈ ਇਕ ਵਿਦੇਸ਼ੀ ਕੰਪਨੀ ਨਿਓਸ ਕੋਲ ਫਲਾਈਟ ਬੁੱਕ ਕੀਤੀ। 4 ਜਨਵਰੀ ਨੂੰ ਸ਼ਾਮ 7 ਵਜੇ ਸਾਰੇ ਯਾਤਰੀ ਅੰਦਰ ਦਾਖ਼ਲ ਹੋ ਗਏ ਸਨ ਪਰ ਉਸ ਤੋਂ ਬਾਅਦ 5 ਜਨਵਰੀ ਦੀ ਰਾਤ ਤੱਕ ਫਲਾਈਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਗਰਾਊਂਡ ਸਟਾਫ 4 ਜਨਵਰੀ ਤੋਂ ਇਹ ਬਹਾਨਾ ਬਣਾ ਰਿਹਾ ਹੈ ਕਿ ਫਲਾਈਟ 1 ਘੰਟੇ 'ਚ ਆ ਰਹੀ ਹੈ। ਯਾਤਰੀ ਨੇ ਦੱਸਿਆ ਕਿ ਫਲਾਈਟ ਨੇ 4-5 ਜਨਵਰੀ ਦੀ ਦਰਮਿਆਨੀ ਰਾਤ ਨੂੰ 12:50 ਵਜੇ ਉਡਾਣ ਭਰਨੀ ਸੀ। ਇਸ ਮੁਤਾਬਕ ਉਨ੍ਹਾਂ ਦਾ ਚੈਕ-ਇਨ ਵੀ ਹੋਇਆ ਪਰ ਹੁਣ ਨਾ ਤਾਂ ਫਲਾਈਟ ਦਾ ਪਤਾ ਲੱਗਾ ਹੈ ਅਤੇ ਨਾ ਹੀ ਉਨ੍ਹਾਂ ਦੇ ਖਾਣ-ਪੀਣ ਅਤੇ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸੰਘਣੀ ਧੁੰਦ ਤੇ ਹੱਡ ਚੀਰਵੀਂ ਠੰਢ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ
ਜਾਣਕਾਰੀ ਅਨੁਸਾਰ ਇਟਲੀ ਨੂੰ ਜਾਣ ਵਾਲੀ ਉਡਾਣ ਧੁੰਦ ਕਾਰਨ ਲੇਟ ਹੋ ਗਈ ਸੀ। ਇਸ ਕਾਰਨ ਰੂਟ ਡਾਇਵਰਟ ਕਰਕੇ ਇਸ ਉਡਾਨ ਨੂੰ ਦਿੱਲੀ ਭੇਜ ਦਿੱਤਾ ਗਿਆ ਸੀ। 4 ਜਨਵਰੀ ਨੂੰ ਪਹੁੰਚਣ ਵਾਲੀ ਉਡਾਣ 5 ਦਸੰਬਰ ਰਾਤ ਨੂੰ ਅੰਮ੍ਰਿਤਸਰ ਪਹੁੰਚੀ ਜਿਸ ਕਾਰਨ ਇਟਲੀ ਨੂੰ ਜਾਣ ਵਾਲੇ ਯਾਤਰੀ ਲਗਭਗ 24 ਘੰਟੇ ਖੱਜਲ-ਖੁਆਰ ਹੋਏ, ਜਿਸ ਕਾਰਨ ਉਨ੍ਹਾਂ ਨੇ ਹੰਗਾਮਾ ਮਚਾ ਦਿੱਤਾ। 150 ਤੋਂ ਵੱਧ ਯਾਤਰੀਆਂ ਨੂੰ ਕੜਾਕੇ ਦੀ ਠੰਢ ਵਿਚ ਹਵਾਈ ਅੱਡੇ ਉਪਰ ਉਡੀਕ ਕਰਨੀ ਪਈ। ਮੁਸਾਫ਼ਰਾਂ ਲਈ ਖਾਣ-ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਇਸ ਮਗਰੋਂ ਬੀਤੀ ਦੇਰ ਰਾਤ ਉਡਾਨ ਇਟਲੀ ਲਈ ਰਵਾਨਾ ਹੋਈ।
- PTC NEWS