UPI in Maldives : ਯੂਪੀਆਈ ਦੇ ਜਾਦੂ ਤੋਂ ਨਹੀਂ ਬਚ ਸਕਿਆ ਮਾਲਦੀਵ, ਹੁਣ ਦੇਸ਼ ’ਚ ਲੋਕ ਕਰਨਗੇ ਭਾਰਤੀ ਯੂਪੀਆਈ ਦਾ ਇਸਤੇਮਾਲ
UPI in Maldives : ਹੁਣ ਭਾਰਤ ਦਾ ਯੂਪੀਆਈ ਮਾਲਦੀਵ ਵਿੱਚ ਵੀ ਕੰਮ ਕਰੇਗਾ। ਮੁਹੰਮਦ ਮੁਈਜ਼ੂ ਨੇ ਚੋਣ ਪ੍ਰਚਾਰ ਦੌਰਾਨ ਭਾਰਤ ਵਿਰੁੱਧ ਜੋ ਗੁੱਸਾ ਦਿਖਾਉਣਾ ਸ਼ੁਰੂ ਕੀਤਾ ਸੀ, ਉਹ ਹੁਣ ਠੰਢਾ ਹੋ ਗਿਆ ਹੈ। ਦਰਅਸਲ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ, ਮੁਈਜ਼ੂ ਨੇ ਮਾਲਦੀਵ ਤੋਂ ਭਾਰਤੀ ਸੈਨਿਕਾਂ ਨੂੰ ਬਾਹਰ ਕੱਢ ਦਿੱਤਾ। ਇਸ ਦੌਰਾਨ ਮੁਈਜ਼ੂ ਦੇ ਕੁਝ ਮੰਤਰੀਆਂ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਹੁਤ ਮਾੜੀਆਂ ਟਿੱਪਣੀਆਂ ਕੀਤੀਆਂ। ਇਹ ਸਭ ਕੁਝ ਮਹੀਨੇ ਚੱਲਦਾ ਰਿਹਾ, ਪਰ ਜਦੋਂ ਨਫ਼ਰਤ ਦੀ ਗੰਢ ਖੁੱਲ੍ਹੀ ਤਾਂ ਮਾਲਦੀਵ ਮੁੜ ਰਿਸ਼ਤਿਆਂ ਦੀ ਵਾਗਡੋਰ ਫੜ ਕੇ ਭਾਰਤ ਦੇ ਬੂਹੇ 'ਤੇ ਆ ਖੜ੍ਹਾ ਹੋਇਆ।
ਹੁਣ ਭਾਰਤ ਅਤੇ ਮਾਲਦੀਵ ਦੇ ਸਬੰਧਾਂ ਵਿੱਚ ਇੱਕ ਅਹਿਮ ਮੋੜ ਆਇਆ ਹੈ। ਮੁਈਜ਼ੂ ਸਰਕਾਰ ਨੇ ਭਾਰਤ ਨਾਲੋਂ ਚੀਨ ਵੱਲ ਜ਼ਿਆਦਾ ਝੁਕਾਅ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਹਾਲ ਹੀ ਦੇ ਸਮੇਂ ਵਿੱਚ ਭਾਰਤ ਅਤੇ ਮਾਲਦੀਵ ਨੇ ਆਪਣੇ ਸਬੰਧਾਂ ਨੂੰ ਸੁਧਾਰਨ ਲਈ ਠੋਸ ਕਦਮ ਚੁੱਕੇ ਹਨ।
ਹਾਲ ਹੀ 'ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਾਲਦੀਵ ਦੀ ਆਪਣੀ ਤਿੰਨ ਦਿਨਾਂ ਸਰਕਾਰੀ ਯਾਤਰਾ ਦੌਰਾਨ ਯੂਪੀਆਈ ਨੂੰ ਲਾਗੂ ਕਰਨ ਲਈ ਇਕ ਸਮਝੌਤੇ 'ਤੇ ਹਸਤਾਖਰ ਕੀਤੇ। ਜੈਸ਼ੰਕਰ ਨੇ ਕਿਹਾ ਕਿ ਇਸ ਡਿਜੀਟਲ ਇਨੋਵੇਸ਼ਨ ਦਾ ਮਾਲਦੀਵ 'ਚ ਸੈਰ-ਸਪਾਟਾ ਅਤੇ ਆਰਥਿਕ ਵਿਕਾਸ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ।
ਇਸ ਸਬੰਧੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਭਾਰਤ ਨੇ ਆਪਣੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਰਾਹੀਂ ਡਿਜੀਟਲ ਲੈਣ-ਦੇਣ ਵਿੱਚ ਅਸਲ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਇਹ ਭਾਰਤ ਵਿੱਚ ਵਿੱਤੀ ਸਮਾਵੇਸ਼ ਨੂੰ ਨਵੇਂ ਪੱਧਰਾਂ 'ਤੇ ਲੈ ਗਿਆ ਹੈ।
ਅੱਜ ਦੁਨੀਆ ਦੇ 40 ਫੀਸਦ ਰੀਅਲ-ਟਾਈਮ ਡਿਜੀਟਲ ਭੁਗਤਾਨ ਸਾਡੇ ਦੇਸ਼ ਵਿੱਚ ਹੁੰਦੇ ਹਨ। ਇਸ ਕ੍ਰਾਂਤੀ ਨੂੰ ਅਸੀਂ ਹਰ ਰੋਜ਼ ਆਪਣੀ ਜ਼ਿੰਦਗੀ ਵਿਚ ਦੇਖਦੇ ਹਾਂ। ਮੈਨੂੰ ਦਸਤਖਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਐਮਓਯੂ 'ਤੇ ਹਸਤਾਖਰ ਕਰਕੇ, ਅਸੀਂ ਇਸ ਡਿਜੀਟਲ ਨਵੀਨਤਾ ਨੂੰ ਮਾਲਦੀਵ ਵਿੱਚ ਲਿਆਉਣ ਦੀ ਦਿਸ਼ਾ ਵਿੱਚ ਪਹਿਲਾ ਕਦਮ ਚੁੱਕਿਆ ਹੈ। ਇਸ ਦਾ ਸੈਰ ਸਪਾਟੇ 'ਤੇ ਬਹੁਤ ਸਕਾਰਾਤਮਕ ਪ੍ਰਭਾਵ ਪਵੇਗਾ।
- PTC NEWS