ਯੂਪੀ ਸਰਕਾਰ ਦਾ ਵਫ਼ਦ ਵਿਦੇਸ਼ੀ ਦੌਰੇ 'ਤੇ, ਪੈਰਿਸ 'ਚ ਵੱਡੀਆਂ ਕੰਪਨੀਆਂ ਨਾਲ ਕੀਤੇ ਦਸਤਖ਼ਤ
ਪੈਰਿਸ : ਉੱਤਰ ਪ੍ਰਦੇਸ਼ ਗਲੋਬਲ ਨਿਵੇਸ਼ਕ ਸੰਮੇਲਨ-2023 (UPGIS) ਹੁਣ ਕੁਝ ਹੀ ਹਫ਼ਤੇ ਦੂਰ ਹੈ। ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਅਗਲੇ ਸਾਲ 10 ਤੋਂ 12 ਫਰਵਰੀ ਨੂੰ ਹੋਣ ਵਾਲੇ ਗਲੋਬਲ ਇਨਵੈਸਟਰ ਸਮਿੱਟ ਨੂੰ ਲੈ ਕੇ ਯੋਗੀ ਸਰਕਾਰ ਦੇ ਮੰਤਰੀ ਤੇ ਅਧਿਕਾਰੀ 18 ਦੇਸ਼ਾਂ ਦੇ ਦੌਰੇ ਉਤੇ ਹਨ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਹਦਾਇਤਾਂ ਅਨੁਸਾਰ ਇਹ ਵਫਦ ਜਰਮਨੀ, ਫਰਾਂਸ, ਸਵੀਡਨ, ਬੈਲਜੀਅਮ, ਨੀਦਰਲੈਂਡ ਤੇ ਹੋਰ ਦੇਸ਼ਾਂ ਦਾ ਦੌਰਾ ਕਰਕੇ ਵੱਡੀਆਂ ਕੰਪਨੀਆਂ ਨੂੰ ਯੂਪੀ ਵਿਚ ਨਿਵੇਸ਼ ਕਰਨ ਲਈ ਉਤਸ਼ਾਹਤ ਕਰ ਰਿਹਾ ਹੈ। 9 ਦਿਨਾਂ ਦਾ ਵਿਦੇਸ਼ੀ ਦੌਰਾ ਯੂਪੀ ਸਰਕਾਰ ਦੇ ਵਫਦ ਲਈ ਕਾਫੀ ਸ਼ਾਨਦਾਰ ਰਿਹਾ ਤੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰਸਤਾਵ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ। ਇਸੇ ਲੜੀ ਤਹਿਤ ਇਹ ਵਫਦ ਪੈਰਿਸ ਪੁੱਜਿਆ ਜਿਥੇ ਕਈ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ।
ਇਸ ਦੌਰੇ 'ਤੇ ਉਦਯੋਗ ਵਿਕਾਸ ਮੰਤਰੀ ਨੰਦ ਗੋਪਾਲ ਗੁਪਤਾ ਨੰਦੀ, ਲੋਕ ਨਿਰਮਾਣ ਮੰਤਰੀ ਜਤਿਨ ਪ੍ਰਸਾਦ ਤੇ ਕਈ ਹੋਰ ਅਧਿਕਾਰੀਆਂ ਨੇ ਉੱਦਮੀਆਂ ਅਤੇ ਕੰਪਨੀਆਂ ਨਾਲ ਮੁਲਾਕਾਤ ਕੀਤੀ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ। ਇਸ ਵਫਦ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਰਾਜ ਨਵੀਆਂ ਸੰਭਾਵਨਾਵਾਂ ਵੱਲ ਵਧ ਰਿਹਾ ਹੈ ਅਤੇ 'ਦੇਸ਼ ਦਾ ਵਿਕਾਸ ਇੰਜਣ' ਬਣਨ ਲਈ ਤਿਆਰ ਹੈ। ਇਸ ਵਫਦ ਦੀ ਅਗਵਾਈ ਕਰ ਰਹੇ ਯੂਪੀ ਦੇ ਉਪ ਮੁੱਖ ਮੰਤਰੀ ਨੇ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਪੂਰੇ ਦੁਨੀਆਂ ਵਿਚ ਭਾਰਤ ਵਿਚ ਨਿਵੇਸ਼ ਕਰਨ ਲਈ ਉਤਸ਼ਾਹ ਹੈ ਤੇ ਫਰਾਂਸ ਦੀ ਕਈ ਵੱਡੀਆਂ ਕੰਪਨੀਆਂ ਭਾਰਤ ਵਿਚ ਨਿਵੇਸ਼ ਕਰਨ ਲਈ ਤਿਆਰ ਹਨ।
ਇਹ ਵੀ ਪੜ੍ਹੋ : ਰਾਜਪੁਰਾ ਪੱਤਰਕਾਰ ਖ਼ੁਦਕੁਸ਼ੀ ਮਾਮਲਾ : ਸਾਬਕਾ ਵਿਧਾਇਕ ਹਰਦਿਆਲ ਕੰਬੋਜ਼ ਨੇ ਲਗਾਈ ਅਗਾਊਂ ਜ਼ਮਾਨਤ
ਉਨ੍ਹਾਂ ਨੇ ਫਰਾਂਸ ਦੀਆਂ ਕੰਪਨੀਆਂ ਦਾ ਭਾਰਤ ਵਿਚ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਯੂਪੀ ਵਿਚ ਯੁਵਾ ਸ਼ਕਤੀ ਵਿਚ ਕਾਫੀ ਉਤਸ਼ਾਹ ਤੇ ਇਨ੍ਹਾਂ ਕੰਪਨੀਆਂ ਨੂੰ ਯੁਵਾ ਮੁਲਾਜ਼ਮਾਂ ਦੀ ਕੋਈ ਕਮੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਦੇ ਨਿਵੇਸ਼ ਕਰਨ ਨਾਲ ਯੂਪੀ ਦੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ। ਇਸ ਮੌਕੇ ਯੂਪੀ ਦੇ ਆਈਟੀ ਮੰਤਰੀ ਯੁਗਿੰਦਰ ਉਪਧਾਇਆ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿਚ ਭਾਰਤ ਨੂੰ ਲੈ ਕੇ ਕਾਫੀ ਉਤਸ਼ਾਹ ਤੇ ਉਹ ਵੱਡੇ ਦੇਸ਼ਾਂ ਨੂੰ ਆਰਥਿਕ ਸੱਦਾ ਦੇਣ ਲਈ ਪੁੱਜੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੂੰ ਕਾਫੀ ਹਾਂਪੱਕੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਨਵੇਂ ਨਿਵੇਸ਼ ਆਉਣਗੇ ਤੇ ਨੌਜਵਾਨਾਂ ਨੂੰ ਵੱਡੇ ਪੱਧਰ ਉਤੇ ਰੁਜ਼ਗਾਰ ਮਿਲੇਗਾ।
- PTC NEWS