BJP ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਤਾਲਿਬਾਨ ਨਾਲ ਕੀਤੀ ਕਿਸਾਨਾਂ ਦੀ ਤੁਲਨਾ, ਨਾਲ ਹੀ ਦੱਸਿਆ ਲੁਟੇਰੇ
BJP Leader Bittu statement on Punjab Kisan : ਭਾਜਪਾ ਲੀਡਰਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਵੀ ਮੌਕਾ ਨਹੀਂ ਖੁੰਝਾਇਆ ਜਾ ਰਿਹਾ। ਭਾਜਪਾ ਲੀਡਰ, ਪਹਿਲੇ ਕਿਸਾਨ ਅੰਦੋਲਨ ਤੋਂ ਲੈ ਕੇ ਪੰਜਾਬ ਦੇ ਕਿਸਾਨਾਂ 'ਤੇ ਤੰਜ ਕੱਸਦੇ ਆ ਰਹੇ ਹਨ। ਹੁਣ ਤਾਜ਼ਾ ਮਾਮਲਾ ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਦੇ ਆਗੂ ਰਵਨੀਤ ਸਿੰਘ ਬਿੱਟੂ ਦਾ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਤੁਲਨਾ ਤਾਲਿਬਾਨ ਨਾਲ ਕਰ ਦਿੱਤੀ ਹੈ।
ਰਵਨੀਤ ਬਿੱਟੂ ਨੇ ਕਿਸਾਨਾਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਵਿਰੋਧ ਕਿਸਾਨ ਨਹੀਂ ਕਰ ਰਹੇ ਸਗੋਂ ਕਿਸਾਨ ਲੀਡਰ ਕਰ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਦੀ ਤੁਲਨਾ ਤਾਲਿਬਾਨ ਨਾਲ ਕਰਦਿਆਂ ਕਿਹਾ ਕਿ ਕੀ ਇਹ ਨਵਾਂ ਤਾਲਿਬਾਨ ਬਣਾਉਣ ਚਾਹੁੰਦੇ ਹਨ। ਕਿਸਾਨ ਲੀਡਰ ਖੁਦ ਆੜ੍ਹਤੀਏ ਅਤੇ ਸ਼ੈਲਰ ਮਾਲਕ ਬਣੇ ਹੋਏ ਹਨ ਅਤੇ ਪੰਜਾਬ ਵਿੱਚ ਹੁਣ ਖਾਦਾਂ ਦੀਆਂ ਟ੍ਰੇਨਾਂ ਦੀ ਲੁੱਟ ਕਰ ਰਹੇ ਹਨ।
ਬਿੱਟੂ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਚੇਤਾਵਨੀ ਵੀ ਦਿੱਤੀ ਜਿਹੜੇ ਕਿਸਾਨ ਲੀਡਰ ਵਿਰੋਧ ਕਰ ਰਹੇ ਹਨ ਉਨ੍ਹਾਂ ਦੀ ਜ਼ਿਮਨੀ ਚੋਣਾਂ ਤੋਂ ਬਾਅਦ ਜਾਇਦਾਦਾਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਲੀਡਰਾਂ ਦੀ ਇਹ ਜਾਂਚ ਉਨ੍ਹਾਂ ਦੇ ਕਿਸਾਨ ਲੀਡਰ ਬਣਨ ਤੋਂ ਬਾਅਦ ਦੀ ਕਰਵਾਂਵਾਂਗੇ।
ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਰਵਨੀਤ ਬਿੱਟੂ, ਪੰਜਾਬ ਦੇ ਕਿਸਾਨਾਂ ਬਾਰੇ ਪੇਡ ਹੋਣ ਦਾ ਬਿਆਨ ਦੇ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਭਾਜਪਾ ਦਾ ਵਿਰੋਧ ਸਿਰਫ਼ ਕੁੱਝ ਪੇਡ ਕਿਸਾਨ ਹੀ ਕਰ ਰਹੇ ਹਨ।
- PTC NEWS