9/11 Attack Anniversary: ਅਮਰੀਕਾ ਦਾ ਉਹ ਕਾਲਾ ਦਿਨ; ਜਦੋਂ ਦਹਿਲ ਉੱਠਿਆ ਸੀ ਪੂਰਾ ਮੁਲਕ
U.S 9/11 Attack Anniversary: 22 ਸਾਲ ਪਹਿਲਾਂ 11 ਸਤੰਬਰ 2001 ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਅੱਤਵਾਦੀ ਹਮਲਿਆਂ ਨਾਲ ਹਿੱਲ ਗਿਆ ਸੀ। ਇਹ ਕਾਲਾ ਦਿਨ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹੈ ਅਤੇ ਬਹੁਤੇ ਲੋਕ ਉਸ ਦਿਨ ਨੂੰ ਯਾਦ ਕਰਕੇ ਡਰ ਜਾਂਦੇ ਹਨ। 11 ਸਤੰਬਰ 2001 (9/11 ਅਟੈਕ) ਨੂੰ ਅਮਰੀਕਾ ਵਿਚ ਜੋ ਹੋਇਆ ਉਹ ਸ਼ਾਇਦ ਹੀ ਭੁਲਾਇਆ ਜਾ ਸਕੇ। ਇਸ ਦਿਨ ਦੁਨੀਆ ਨੇ ਖ਼ੂਨੀ ਦਹਿਸ਼ਤ ਦਾ ਸਭ ਤੋਂ ਭਿਆਨਕ ਰੂਪ ਦੇਖਿਆ। ਕਈ ਪਰਿਵਾਰ ਪਲਾਂ ਵਿੱਚ ਹੀ ਤਬਾਹ ਹੋ ਗਏ। ਸੈਂਕੜੇ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਗਈ।
11 ਸਤੰਬਰ ਨੂੰ ਕੀ-ਕੀ ਹੋਇਆ?
11 ਸਤੰਬਰ 2001 ਦਾ ਦਿਨ ਨਾ ਸਿਰਫ਼ ਅਮਰੀਕਾ ਲਈ ਸਗੋਂ ਪੂਰੀ ਦੁਨੀਆ ਲਈ ਦਹਿਸ਼ਤ ਨਾਲ ਭਰਿਆ ਹੋਇਆ ਸੀ। ਇਨ੍ਹਾਂ ਧਮਾਕਿਆਂ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਅੱਤਵਾਦੀ ਸੰਗਠਨ ਅਲਕਾਇਦਾ ਨੇ 11 ਸਤੰਬਰ 2001 ਨੂੰ ਵਰਲਡ ਟਰੇਡ ਸੈਂਟਰ 'ਤੇ ਦੋ ਜਹਾਜ਼ਾਂ ਨਾਲ ਹਮਲਾ ਕਰਕੇ ਦਹਿਸ਼ਤ ਫੈਲਾਈ ਸੀ। ਸਵੇਰੇ 8.30 ਵਜੇ ਦੇ ਕਰੀਬ 45 ਮਿੰਟ ਦੇ ਅੰਦਰ 110 ਮੰਜ਼ਿਲਾ ਵਰਲਡ ਟਰੇਡ ਸੈਂਟਰ ਦੀਆਂ ਦੋ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗੂ ਢਹਿ ਗਈਆਂ।
ਕਿੰਨੇ ਲੋਕਾਂ ਨੇ ਗਵਾਈ ਸੀ ਜਾਨ:
ਅਮਰੀਕਾ 'ਚ 11 ਸਤੰਬਰ ਨੂੰ ਹੋਏ ਅੱਤਵਾਦੀ ਹਮਲੇ 'ਚ 2974 ਲੋਕਾਂ ਦੀ ਜਾਨ ਚਲੀ ਗਈ ਸੀ। ਅਮਰੀਕਾ ਸਮੇਤ 70 ਵੱਖ-ਵੱਖ ਦੇਸ਼ਾਂ ਦੇ ਬੇਕਸੂਰ ਨਾਗਰਿਕ ਅੱਤਵਾਦੀਆਂ ਦੀ ਖੂਨੀ ਹਿੰਸਾ ਦਾ ਸ਼ਿਕਾਰ ਹੋਏ। ਇਸ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ 343 ਫਾਇਰ ਵਿਭਾਗ ਅਤੇ 60 ਪੁਲਿਸ ਅਧਿਕਾਰੀ ਵੀ ਸ਼ਾਮਲ ਸਨ। ਹਮਲੇ ਦੇ ਸਮੇਂ WTC ਕੰਪਲੈਕਸ ਦੇ ਅੰਦਰ ਲਗਭਗ 18,000 ਲੋਕ ਮੌਜੂਦ ਸਨ। ਬਹੁਤੇ ਲੋਕਾਂ ਨੂੰ ਜਲਦਬਾਜ਼ੀ ਵਿੱਚ ਇਮਾਰਤ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ; ਉਸ ਦਿਨ ਨਿਊਯਾਰਕ ਵਿੱਚ ਕੁੱਲ 2,753 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਭਿਆਨਕ ਘਟਨਾ ਨੂੰ ਅੰਜਾਮ ਦੇਣ ਵਾਲੇ 19 ਅੱਤਵਾਦੀ ਵੀ ਮਾਰੇ ਗਏ ਸਨ।
ਕੌਣ ਸਨ ਇਸ ਭਿਆਨਕ ਹਮਲੇ ਦੇ ਦੋਸ਼ੀ?
ਅਮਰੀਕਾ 'ਚ ਅੱਤਵਾਦੀ ਹਮਲੇ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰਨ ਵਾਲੇ ਇਹ ਅੱਤਵਾਦੀ ਅਲ-ਕਾਇਦਾ ਦੇ ਮੈਂਬਰ ਸਨ। ਅਲਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਦੇ ਜਿਨ੍ਹਾਂ 19 ਹਾਈਜੈਕਰਾਂ ਨੇ ਇਸ ਭਿਆਨਕ ਹਮਲੇ ਨੂੰ ਅੰਜ਼ਾਮ ਦਿੱਤਾ ਸੀ। ਉਨ੍ਹਾਂ ਵਿੱਚੋਂ 15 ਸਾਊਦੀ ਅਰਬ ਦੇ ਵਾਸੀ ਸਨ। ਇਸ ਤੋਂ ਇਲਾਵਾ ਬਾਕੀ ਅੱਤਵਾਦੀ ਯੂ.ਏ.ਈ, ਮਿਸਰ ਅਤੇ ਲੇਬਨਾਨ ਦੇ ਨਿਵਾਸੀ ਸਨ। ਮੀਡੀਆ ਰਿਪੋਰਟ 'ਚ ਦੱਸਿਆ ਗਿਆ ਕਿ ਇਨ੍ਹਾਂ 19 ਅੱਤਵਾਦੀਆਂ ਦਾ ਨੇਤਾ ਮਿਸਰ ਦਾ ਰਹਿਣ ਵਾਲਾ ਮੁਹੰਮਦ ਅੱਟਾ ਸੀ, ਜੋ ਪਾਇਲਟ ਵੀ ਸੀ। ਉਹ ਵੀ ਹੋਰ ਅੱਤਵਾਦੀਆਂ ਦੇ ਨਾਲ ਮਾਰਿਆ ਗਿਆ। ਜਾਂਚ ਤੋਂ ਪਤਾ ਲੱਗਾ ਹੈ ਕਿ 9/11 ਦਾ ਮਾਸਟਰ ਮਾਈਂਡ ਖਾਲਿਦ ਸ਼ੇਖ ਮੁਹੰਮਦ ਸੀ, ਜੋ ਓਸਾਮਾ ਬਿਨ ਲਾਦੇਨ ਦਾ ਕਰੀਬੀ ਦੋਸਤ ਸੀ। ਬਾਅਦ ਵਿੱਚ ਅਮਰੀਕਾ ਨੇ ਇੱਕ ਅਪਰੇਸ਼ਨ ਵਿੱਚ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ।
ਡੀ.ਐੱਨ.ਏ ਟੈਸਟਿੰਗ ਰਾਹੀਂ ਮ੍ਰਿਤਕਾਂ ਦੀ ਹੋ ਰਹੀ ਪਛਾਣ:
ਅਮਰੀਕਾ ਦੇ ਨਿਊਯਾਰਕ ਵਿੱਚ 11 ਸਤੰਬਰ ਨੂੰ ਵਰਲਡ ਟਰੇਡ ਸੈਂਟਰ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਦੋ ਹੋਰ ਲੋਕਾਂ ਦੀ ਹੁਣ ਪਛਾਣ ਹੋ ਗਈ ਹੈ। 9/11 ਵਜੋਂ ਜਾਣੇ ਜਾਂਦੇ ਦਹਿਸ਼ਤੀ ਹਮਲਿਆਂ ਦੀ22 ਵੀ ਬਰਸੀ ਤੋਂ ਪਹਿਲਾਂ ਅਧਿਕਾਰੀਆਂ ਨੇ ਡੀ.ਐੱਨ.ਏ ਟੈਸਟਿੰਗ ਰਾਹੀਂ ਮ੍ਰਿਤਕਾਂ ਦੀ ਪਛਾਣ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਜਿਨ੍ਹਾਂ ਦੀ ਪਛਾਣ ਹੋਈ ਹੈ ਉਸ ਵਿੱਚ ਇੱਕ ਔਰਤ ਅਤੇ ਇੱਕ ਪੁਰਸ਼ ਸ਼ਾਮਿਲ ਹੈ।
ਡੀ.ਐੱਨ.ਏ ਟੈਸਟਿੰਗ ਲਈ ਹਾਲ ਹੀ ਵਿੱਚ ਅਪਣਾਈ ਗਈ ਅਗਲੀ ਪੀੜ੍ਹੀ ਸੀਕਵੈਂਸਿੰਗ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ। ਜੋ ਕਿ ਮੌਜੂਦਾ ਡੀ.ਐੱਨ.ਏ ਟੈਕਨਾਲੋਜੀ ਨਾਲੋਂ ਕਿਤੇ ਜ਼ਿਆਦਾ ਉੱਨਤ ਹੈ। ਅਮਰੀਕੀ ਫ਼ੋਜ ਇਸ ਤਕਨੀਕ ਦੀ ਵਰਤੋਂ ਲਾਪਤਾ ਸੈਨਿਕਾਂ ਦੇ ਅਵਸ਼ੇਸ਼ਾਂ ਦੀ ਪਛਾਣ ਕਰਨ ਕਰਦੀ ਹੈ। ਜ਼ਿਕਰਯੋਗ ਹੈ ਕਿ ਇੰਨੀ ਐਡਵਾਂਸ ਡੀ.ਐੱਨ.ਏ ਟੈਸਟਿੰਗ ਤਕਨੀਕ ਦੇ ਬਾਵਜੂਦ 9/11 ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚੋਂ 40 ਫੀਸਦੀ ਯਾਨੀ 1100 ਲੋਕ ਹਾਲੇ ਵੀ ਅਣਪਛਾਤੇ ਸਨ।
ਓਸਾਮਾ ਬਿਨ ਲਾਦੇਨ ਦੀ ਮੌਤ:
ਓਸਾਮਾ ਬਿਨ ਲਾਦੇਨ ਨੂੰ ਅਮਰੀਕਾ ਨੇ 2 ਮਈ 2011 ਨੂੰ ਇਸਲਾਮਾਬਾਦ ਨੇੜੇ ਐਬਟਾਬਾਦ ਵਿੱਚ ਇੱਕ ਵਿਸ਼ੇਸ਼ ਆਪ੍ਰੇਸ਼ਨ ਵਿੱਚ ਮਾਰ ਦਿੱਤਾ ਸੀ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਲਾਦੇਨ ਨੂੰ ਮਾਰਨ ਦੀ ਪੂਰੀ ਕਾਰਵਾਈ ਦੀ ਨਿਗਰਾਨੀ ਕੀਤੀ ਸੀ। ਅਮਰੀਕਾ ਨੇ 911 ਦੇ ਹਮਲਿਆਂ ਤੋਂ ਬਾਅਦ ਓਸਾਮਾ ਅਤੇ ਅਲਕਾਇਦਾ ਖਿਲਾਫ ਜੰਗ ਦਾ ਐਲਾਨ ਕੀਤਾ ਸੀ।
- PTC NEWS