Wed, Nov 13, 2024
Whatsapp

"ਨਵੀਆਂ ਕਲਮਾਂ, ਨਵੀਂ ਉਡਾਣ" - 16 ਨਵੰਬਰ ਨੂੰ ਸ਼ੁਰੂ ਹੋਵੇਗੀ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ

ਪਾਕਿਸਤਾਨ ਤੋਂ ਪ੍ਰਸਿੱਧ ਪੰਜਾਬੀ ਸ਼ਾਇਰ ਬਾਬਾ ਨਜ਼ਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਸਦਾ ਦਿੱਤਾ ਗਿਆ ਹੈ, ਜੋ ਲੇਖਕਾਂ ਨੂੰ ਆਪਣੀ ਮੁਹਾਰਤ ਅਤੇ ਹੱਲਾਸ਼ੇਰੀ ਦੇਣਗੇ। ਪੰਜਾਬ ਤੋਂ ਬਾਹਰਲੇ ਵਿਦਿਆਰਥੀ 15 ਨਵੰਬਰ ਤੱਕ ਪਹੁੰਚ ਜਾਣਗੇ।

Reported by:  PTC News Desk  Edited by:  KRISHAN KUMAR SHARMA -- November 11th 2024 04:39 PM

"ਨਵੀਆਂ ਕਲਮਾਂ, ਨਵੀਂ ਉਡਾਣ" - 16 ਨਵੰਬਰ ਨੂੰ ਸ਼ੁਰੂ ਹੋਵੇਗੀ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ

Sangrur News : ਸਕੂਲੀ ਬਾਲ ਲੇਖਕਾਂ ਨੂੰ ਪ੍ਰੇਰਿਤ ਤੇ ਉਰਸ਼ਹਿਤ ਕਰਨ ਲਈ "ਨਵੀਆਂ ਕਲਮਾਂ, ਨਵੀਂ ਉਡਾਣ " ਪ੍ਰੋਜੈਕਟ ਨਾਮਵਰ NRI ਤੇ ਪੰਜਾਬ ਭਵਨ ਕੈਨੇਡਾ ਬਾਨੀ ਸੁੱਖੀ ਬਾਠ ਦੀ ਪਹਿਲਕਦਮੀ ਨਾਲ 16 ਨਵੰਬਰ ਤੇ 17 ਨਵੰਬਰ ਨੂੰ ਦੋ ਦਿਨਾਂ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਮਸਤੂਆਣਾ (ਜ਼ਿਲ੍ਹਾ ਸੰਗਰੂਰ) ਵਿਖੇ ਕੀਤੀ ਜਾ ਰਹੀ ਹੈ। ਇਸ ਸਮਾਗਮ ਵਿੱਚ ਪੰਜਾਬ, ਰਾਜਸਥਾਨ, ਪਾਕਿਸਤਾਨ ਅਤੇ ਕੈਨੇਡਾ ਤੋਂ ਤਕਰੀਬਨ 800 ਉਭਰਦੇ ਲੇਖਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਸੁੱਖੀ ਬਾਠ ਨੇ ਕਿਹਾ, “ਨੌਜਵਾਨ ਲੇਖਕਾਂ ਤੋਂ ਇਲਾਵਾ 700 ਦੇ ਕਰੀਬ ਗਾਈਡ ਅਧਿਆਪਕ ਅਤੇ ਮਾਪੇ ਵੀ ਇਸ ਕਾਨਫਰੰਸ ਵਿੱਚ ਸ਼ਿਰਕਤ ਕਰਨਗੇ, ਜੋ ਵਿਸ਼ਵ ਭਰ ਦੇ ਵਿਦਿਆਰਥੀਆਂ ਨੂੰ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਨਗੇ। ਸਮਾਗਮ ਵਿੱਚ ਬੱਚਿਆਂ ਦੀ ਸਿਰਜਣਾਤਮਕਤਾ ਅਤੇ ਪ੍ਰਤਿਭਾ ਦੇ ਇਜ਼ਹਾਰ ਲਈ ਕਵਿਤਾ, ਗੀਤ ਅਤੇ ਕਹਾਣੀ ਲਿਖਣ ਦੇ ਮੁਕਾਬਲਿਆਂ ਸਮੇਤ ਕਈ ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਦੇ ਨਾਲ ਇਤਿਹਾਸਿਕ ਹੋਵੇਗਾ।”


ਪਾਕਿਸਤਾਨ ਤੋਂ ਪ੍ਰਸਿੱਧ ਪੰਜਾਬੀ ਸ਼ਾਇਰ ਬਾਬਾ ਨਜ਼ਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਸਦਾ ਦਿੱਤਾ ਗਿਆ ਹੈ, ਜੋ ਲੇਖਕਾਂ ਨੂੰ ਆਪਣੀ ਮੁਹਾਰਤ ਅਤੇ ਹੱਲਾਸ਼ੇਰੀ ਦੇਣਗੇ। ਪੰਜਾਬ ਤੋਂ ਬਾਹਰਲੇ ਵਿਦਿਆਰਥੀ 15 ਨਵੰਬਰ ਤੱਕ ਪਹੁੰਚ ਜਾਣਗੇ। ਉਨ੍ਹਾਂ ਦੇ ਤਿੰਨ ਦਿਨਾਂ ਦੇ ਠਹਿਰਨ ਦੌਰਾਨ ਉਨ੍ਹਾਂ ਦੀ ਰਿਹਾਇਸ਼, ਭੋਜਨ, ਆਵਾਜਾਈ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।

ਸੁੱਖੀ ਬਾਠ ਵੱਲੋਂ 2023 ਵਿੱਚ ਸ਼ੁਰੂ ਕੀਤਾ ਗਿਆ ਪ੍ਰੋਜੈਕਟ "ਨਵੀਆਂ ਕਲਮਾਂ, ਨਵੀਂ ਉਡਾਣ " ਸਕੂਲੀ ਵਿਦਿਆਰਥੀਆਂ ਨੂੰ ਲਿਖਣ ਲਈ ਉਤਸ਼ਾਹਿਤ ਕਰਨ 'ਤੇ ਕੇਂਦਰਿਤ ਹੈ। ਇਸ ਪ੍ਰਾਜੈਕਟ ਲਈ ਉਨ੍ਹਾਂ ਵਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਰਕਸ਼ਾਪਾਂ ਲਾਈਆਂ ਗਈਆਂ ਹੈ।

ਕਾਨਫ਼ਰੰਸ ਦੀ ਇੱਕ ਖਾਸ ਗੱਲ ਇਹ ਹੈ ਕਿ ਸੁੱਖੀ ਬਾਠ ਦੇ ਸਵਰਗੀ ਪਿਤਾ ਅਰਜਨ ਸਿੰਘ ਬਾਠ ਦੀ ਯਾਦ ਵਿੱਚ ਦਿੱਤੇ ਜਾਣ ਵਾਲੇ 7 ਲੱਖ ਰੁਪਏ ਦੇ ਨਕਦ ਇਨਾਮ ਦੇ ਨਾਲ ਸ਼੍ਰੋਮਣੀ ਬਾਲ ਲੇਖਕ ਪੁਰਸਕਾਰ ਵੀ ਦਿੱਤਾ ਜਾਵੇਗਾ। ਇਹ ਵੱਕਾਰੀ ਪੁਰਸਕਾਰ ਬਾਲ ਲੇਖਕਾਂ ਵਿੱਚ ਉੱਤਮਤਾ ਨੂੰ ਮਾਨਤਾ ਦੇਣ ਅਤੇ ਬਾਲ ਸਾਹਿਤ ਵਿੱਚ ਸ਼ਾਨਦਾਰ ਯੋਗਦਾਨ ਦਾ ਸਨਮਾਨ ਲਈ ਹੋਵੇਗਾ।

ਪ੍ਰੋਜੈਕਟ "ਨਵੀਆਂ ਕਲਮਾਂ, ਨਵੀਂ ਉਡਾਣ " ਰਾਹੀਂ ਪੰਜਾਬ ਅਤੇ ਰਾਜਸਥਾਨ ਵਿੱਚ 35 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਪੰਜ ਕਿਤਾਬਾਂ ਪਹਿਲਾਂ ਹੀ ਪਾਕਿਸਤਾਨ ਵਿੱਚ ਵੰਡੀਆਂ ਜਾ ਚੁੱਕੀਆਂ ਹਨ। ਹੋਰ 15 ਕਿਤਾਬਾਂ ਪ੍ਰਕਾਸ਼ਨ ਅਧੀਨ ਹਨ, ਜੋ ਹੋਰ ਬਾਲ ਲੇਖਕਾਂ ਤੱਕ ਪਹੁੰਚਣ ਅਤੇ ਪ੍ਰੇਰਿਤ ਕਰਨ ਦਾ ਯਤਨ ਜਾਰੀ ਰੱਖਣ ਲਈ ਹਨ।

ਇਸ ਪ੍ਰੋਜੈਕਟ ਦੀ ਸ਼ੁਰੂਆਤ 20 ਸਤੰਬਰ 2023 ਨੂੰ ਆਲੋਵਾਲ, ਜ਼ਿਲ੍ਹਾ ਪਟਿਆਲਾ ਦੇ ਇੱਕ ਸਕੂਲ ਤੋਂ ਪ੍ਰੋਜੈਕਟ ਇੰਚਾਰਜ ਉਂਕਾਰ ਕਾਰ ਸਿੰਘ ਤੇਜੇ ਦੀ ਪਹਿਲੀ ਕਿਤਾਬ ਨਾਲ ਕੀਤੀ ਗਈ ਸੀ। ਹੁਣ ਤੱਕ 3280 ਵਿਦਿਆਰਥੀਆਂ ਦੇ ਵੱਡੇ ਯੋਗਦਾਨ ਨਾਲ 1370 ਸਕੂਲਾਂ ਨੂੰ ਕਵਰ ਕਰਦੇ ਹੋਏ 39 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਮਿਸ਼ਨ ਦਾ ਟੀਚਾ 500 ਕਾਪੀਆਂ ਦੇ ਨਾਲ 100 ਕਿਤਾਬ ਦੇ ਟਾਇਟਲ ਪ੍ਰਕਾਸ਼ਿਤ ਕਰਨਾ ਹੈ ਭਾਵ 50000 ਕਿਤਾਬਾਂ ਦਾ ਟੀਚਾ ਹੈ, ਹਾਲਾਂਕਿ ਇਸ ਸੰਖਿਆ ਦੀ ਕੋਈ ਸੀਮਾ ਨਹੀਂ ਹੈ ਅਤੇ ਸੰਖਿਆ ਨਿਰਧਾਰਤ ਟੀਚੇ ਤੋਂ ਅੱਗੇ ਵਧ ਸਕਦੀ ਹੈ।

ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਸਮੇਤ 178 ਸਮਰਪਿਤ ਮੈਂਬਰਾਂ ਦੀ ਟੀਮ ਦੁਆਰਾ ਚਲਾਇਆ ਗਿਆ ਇਹ ਪ੍ਰਾਜੈਕਟ ਬੁਲੰਦੀਆਂ ਚਹੋ ਰਿਹਾ ਹੈ । ਉਨ੍ਹਾਂ ਦੱਸਿਆ ਕਿ "ਨਵੀਆਂ ਕਲਮਾਂ, ਨਵੀਂ ਉਡਾਣ " ਪਹਿਲਕਦਮੀ ਸਰਹੱਦਾਂ ਦੇ ਹੱਦ ਬੰਨੇ ਪਾਰ ਕਰ ਕੇ ਵੀ ਬਾਲ ਲੇਖਕਾਂ ਨੂੰ ਇੱਕ ਉਸਾਰੂ ਰਚਨਾ ਪਲੇਟਫਾਰਮ ਪ੍ਰਦਾਨ ਕਰ ਰਹੀ ਹੈ।

- PTC NEWS

Top News view more...

Latest News view more...

PTC NETWORK