Amritsar News : ਨਸ਼ੀਲੀਆਂ ਦਵਾਈਆਂ ਬਰਾਮਦ ਹੋਣ ਕਾਰਨ 2 ਕੈਮਿਸਟਾਂ ਦੇ ਲਾਇਸੰਸ ਕੀਤੇ ਰੱਦ
Amritsar News : ਜਿਲ੍ਹੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਉੱਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਸ਼ੁਰੂ ਕੀਤੇ ਗਏ ਯੁੱਧ ਦੌਰਾਨ ਸਥਾਨਕ ਅਧਿਕਾਰੀਆਂ ਵੱਲੋਂ ਚੱਲ ਰਹੀ ਜਾਂਚ ਦੌਰਾਨ ਜਿਨਾਂ ਦੋ ਦਵਾਈਆਂ ਦੀਆਂ ਦੁਕਾਨਾਂ ਤੋਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਸਨ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ।
ਇਹ ਜਾਣਕਾਰੀ ਦਿੰਦੇ ਕੁਲਵਿੰਦਰ ਸਿੰਘ ਜੋਨਲ ਲਾਈਸੈਂਸਿੰਗ ਅਥਾਰਟੀ ਨੇ ਦੱਸਿਆ ਕਿ ਮੈਸਰਜ਼ ਧੁੰਨਾ ਮੈਡੀਕਲ ਸਟੋਰ, ਮੁਧਲ ਕਲੋਨੀ, ਵੇਰਕਾ ਦੀ ਜਾਂਚ 11 ਅਪ੍ਰੈਲ ਨੂੰ ਸ਼੍ਰੀ ਸੁਖਦੀਪ ਸਿੰਘ ਡਰੱਗਜ਼ ਕੰਟਰੋਲ ਅਧਿਕਾਰੀ ਅਤੇ ਪੁਲਿਸ ਦੁਆਰਾ ਸਾਂਝੇ ਤੌਰ 'ਤੇ ਕੀਤੀ ਗਈ ਸੀ । ਜਾਂਚ ਦੌਰਾਨ ਟ੍ਰਾਮਾਡੋਲ ਦੀਆਂ 820 ਗੋਲੀਆਂ ਬਰਾਮਦ ਕੀਤੀਆਂ ਅਤੇ ਇਸ ਦਾ ਮਾਲਕ ਸ਼ਮਸ਼ੇਰ ਸਿੰਘ ਖਰੀਦ ਰਿਕਾਰਡ ਅਤੇ ਟ੍ਰਾਮਾਡੋਲ ਦਵਾਈ ਨੂੰ ਸਟਾਕ ਕਰਨ ਦੀ ਇਜਾਜ਼ਤ ਪੇਸ਼ ਕਰਨ ਵਿੱਚ ਅਸਫਲ ਰਿਹਾ। ਇਸ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 22 ਅਧੀਨ ਇੱਕ ਵੱਖਰੀ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ। ਫਰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਐਕਟ ਦੇ ਤਹਿਤ ਰੱਖੀ ਗਈ ਉਚਿਤ ਪ੍ਰਕਿਰਿਆ ਦੀ ਪਾਲਣਾ ਕਰਨ ਤੋਂ ਬਾਅਦ ਅੱਜ ਫਰਮ ਦੇ ਪ੍ਰਚੂਨ ਵਿਕਰੀ ਲਾਇਸੈਂਸ ਰੱਦ ਕਰ ਦਿੱਤੇ ਗਏ।
ਉਨਾਂ ਦੱਸਿਆ ਕਿ ਇਸੇ ਤਰ੍ਹਾਂ 3 ਅਪ੍ਰੈਲ ਨੂੰ ਬਾਬਾ ਦੀਪ ਸਿੰਘ ਜੀ ਮੈਡੀਕਲ ਸਟੋਰ, ਕੋਟ ਮਿਤ ਸਿੰਘ ਦੀ ਦੁਕਾਨ ਦਾ ਸ਼੍ਰੀਮਤੀ ਬਬਲੀਨ ਕੌਰ ਦੁਆਰਾ ਨਿਰੀਖਣ ਕੀਤਾ ਗਿਆ ਅਤੇ ਪ੍ਰੀਗਾਬਾਲਿਨ -300 ਸਮੇਤ ਅੱਠ ਕਿਸਮਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ। ਉਕਤ ਦੁਕਾਨਦਾਰ ਵੀ ਜ਼ਬਤ ਕੀਤੀਆਂ ਗਈਆਂ ਦਵਾਈਆਂ ਦਾ ਖਰੀਦ ਰਿਕਾਰਡ ਪੇਸ਼ ਕਰਨ ਵਿੱਚ ਅਸਫਲ ਰਿਹਾ। ਇਸ ਖਿਲਾਫ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਥਾਣਾ ਸੁਲਤਾਨਵਿੰਡ ਵਿਖੇ ਇੱਕ ਵੱਖਰੀ ਐਫਆਈਆਰ ਵੀ ਦਰਜ ਕੀਤੀ ਗਈ ਸੀ। ਫਰਮ ਨੂੰ ਕਾਰਨ ਦੱਸੋ ਨੋਟਿਸ ਦੇਣ ਤੋਂ ਬਾਅਦ ਅੱਜ ਫਰਮ ਦੇ ਪ੍ਰਚੂਨ ਵਿਕਰੀ ਲਾਇਸੈਂਸ ਰੱਦ ਕਰ ਦਿੱਤੇ ਗਏ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਡਰੱਗਜ਼ ਵਿੰਗ ਐਫਡੀਏ ਅੰਮ੍ਰਿਤਸਰ ਨੇ ਪਿਛਲੇ ਇੱਕ ਮਹੀਨੇ ਵਿੱਚ 78 ਨਿਰੀਖਣ ਕੀਤੇ ਹਨ, ਜਿਨਾਂ ਵਿੱਚ ਲਗਭਗ 71 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ ਹਨ, ਜਿਸ ਵਿੱਚ 1.60 ਲੱਖ ਕੈਪਸੂਲ ਅਤੇ 1.55 ਲੱਖ ਗੋਲੀਆਂ ਸ਼ਾਮਲ ਹਨ ਅਤੇ 5 ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ, ਡਿਫਾਲਟਰਾਂ ਵਿਰੁੱਧ 6 ਐਫਆਈਆਰ ਦਰਜ ਕੀਤੀਆਂ ਹਨ ਅਤੇ 3 ਕੈਮਿਸਟਾਂ ਦੇ ਲਾਇਸੈਂਸ ਰੱਦ ਕੀਤੇ ਹਨ।
- PTC NEWS