Sangrur News : ਸਾਇਲੋ ਗੁਦਾਮ ਅੰਦਰ ਲੱਗੇ ਵਜ਼ਨੀ ਕੰਡੇ 'ਚ ਛੇੜਛਾੜ ਕਰਕੇ ਟਰੱਕ ਉਪਰੇਟਰਾਂ ਨੂੰ ਲਗਾਏ ਜਾ ਰਹੇ ਲੱਖਾਂ ਰੁਪਏ ਦੇ ਚੂਨੇ ਦਾ ਹੋਇਆ ਪਰਦਾਫਾਸ਼ ,ਕੰਡੇ ਨੂੰ ਕੀਤਾ ਸੀਲ
Sangrur News : ਸੰਗਰੂਰ ਦੇ ਪਿੰਡ ਛਾਜਲੀ ਵਿਖੇ ਬਣੇ ਸਾਇਲੋ ਗੁਦਾਮ ਅੰਦਰ ਲੱਗੇ ਵਜ਼ਨੀ ਕੰਡੇ 'ਚ ਛੇੜਛਾੜ ਕਰਕੇ ਟਰੱਕ ਉਪਰੇਟਰਾਂ ਨੂੰ ਲੱਖਾਂ ਰੁਪਏ ਦੇ ਲਗਾਏ ਜਾ ਰਹੇ ਚੂਨੇ ਦਾ ਪਰਦਾਫਾਸ਼ ਹੋਇਆ ਹੈ। ਕਣਕ ਦੇ ਭਰੇ ਟਰੱਕਾਂ 'ਚ ਵਜ਼ਨ ਕਈ -ਕਈ ਕੁਇੰਟਲ ਘੱਟ ਦੱਸਿਆ ਜਾ ਰਿਹਾ ਸੀ। ਜਿਸ ਤੋਂ ਬਾਅਦ ਨਾਪਤੋਲ ਵਿਭਾਗ ਦੇ ਅਧਿਕਾਰੀਆਂ ਨੇ ਬਾਰੀਕੀ ਨਾਲ ਜਾਂਚ ਕੀਤੀ ਅਤੇ ਕੰਡੇ ਨੂੰ ਸੀਲ ਕਰ ਦਿੱਤਾ ਹੈ।
ਮਾਮਲਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਛਾਜਲੀ ਵਿਖੇ ਬਣੇ ਸਾਇਲੋ ਗੁਦਾਮ ਦਾ ਹੈ, ਜਿੱਥੇ ਰੋਜਾਨਾ ਸੈਂਕੜੇ ਟਰੱਕ ਜ਼ਿਲ੍ਹਾ ਸੰਗਰੂਰ ਦੇ ਖਰੀਦ ਕੇਂਦਰਾਂ ਵਿੱਚੋ ਕਣਕ ਦੇ ਭਰ ਕੇ ਖਾਲੀ ਹੋਣ ਲਈ ਆਉਂਦੇ ਹਨ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਇਲੋ ਗੁਦਾਮ ਅੰਦਰ ਲੱਗੇ ਕੰਡੇ 'ਤੇ ਕਣਕ ਦੇ ਭਰੇ ਟਰੱਕਾਂ 'ਚੋਂ ਕਈ ਕਈ ਕੁਇੰਟਲ ਵਜਨ ਘੱਟ ਰਿਹਾ ਸੀ।
ਟਰੱਕ ਯੂਨੀਅਨ ਲਹਿਰਾ ਦੇ ਪ੍ਰਧਾਨ ਗੁਰਸੇਵਕ ਸਿੰਘ ਗਾਗਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਸੀ। 23 ਅਪ੍ਰੈਲ ਨੂੰ ਉਨਾਂ ਵੱਲੋਂ ਕਣਕ ਦੀ 1000 ਬੋਰੀ ਨਾਲ ਭਰੇ ਟਰਾਲੇ ਦਾ ਪਹਿਲਾਂ ਬਾਹਰੀ ਕੰਡੇ ਤੋਂ ਵਜਨ ਕਰਵਾਇਆ ਗਿਆ ਤੇ ਜਦੋਂ 24 ਅਪ੍ਰੈਲ ਨੂੰ ਉਸੇ ਟਰਾਲੇ ਦਾ ਸਾਇਲੋ ਗੁਦਾਮ ਅੰਦਰ ਵਜਨ ਹੋਇਆ ਤਾਂ 4 ਕੁਇੰਟਲ 10 ਕਿਲੋ ਵਜਨ ਘੱਟ ਨਿਕਲਿਆ।
ਮਾਮਲਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਨਾਪ ਤੋਲ ਵਿਭਾਗ ਵੱਲੋਂ ਜਾਂਚ ਸ਼ੁਰੂ ਕਰਦਿਆਂ ਮੁੜ ਤੋਂ ਉਸੇ 1000 ਬੋਰੀ ਨਾਲ ਭਰੇ ਟਰਾਲੇ ਦਾ ਵਜਨ ਪਹਿਲਾਂ ਸਾਇਲੋ ਗੁਦਾਮ ਅੰਦਰ ਲੱਗੇ ਕੰਡੇ 'ਤੇ ਕੀਤਾ ਗਿਆ ਤੇ ਫਿਰ ਟਰੱਕ ਵਿੱਚ ਭਰੀ ਕੱਲੀ ਕੱਲੀ ਬੋਰੀ ਦਾ ਵਜਨ ਛੋਟੇ ਕੰਡੇ ਨਾਲ ਕੀਤਾ ਗਿਆ ਤਾਂ ਪਾਇਆ ਗਿਆ ਕਿ ਸਾਇਲੋ ਗਦਾਮ ਅੰਦਰ ਲੱਗਾ ਕੰਡਾ ਟਰਾਲੇ ਵਿੱਚ ਭਰੀ ਹਜ਼ਾਰ ਬੋਰੀ ਦਾ ਵਜਨ 1 ਕੁਇੰਟਲ 15 ਕਿਲੋ ਘੱਟ ਦੱਸ ਰਿਹਾ ਹੈ। ਨਾਪਤੋਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਇਲੋ ਗੁਦਾਮ ਅੰਦਰ ਲੱਗੇ ਕੰਡੇ ਨੂੰ ਸੀਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
- PTC NEWS