ਦੋ ਕਾਰੋਬਾਰੀਆਂ ਕੋਲੋਂ ਫਿਰੌਤੀ ਮੰਗਣ ਦੇ ਮਾਮਲੇ ਦੇ ਤਾਰ ਬਠਿੰਡਾ ਜੇਲ੍ਹ ਨਾਲ ਜੁੜੇ
ਬਠਿੰਡਾ : ਪਿਛਲੇ ਦਿਨੀਂ ਬਠਿੰਡਾ ਸ਼ਹਿਰ ਅਤੇ ਪਿੰਡ ਪੱਕਾ ਕਲਾਂ ਦੇ ਦੋ ਵਪਾਰੀਆਂ ਨੂੰ ਫੋਨ ਕਰਕੇ 20 ਅਤੇ ਪੱਚੀ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਸੀ ਆਈ ਸਟਾਫ ਬਠਿੰਡਾ ਵੱਲੋਂ ਕਾਰਵਾਈ ਕਰਦੇ ਹੋਏ ਦੋ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਕੇ 4 ਲੋਕਾਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਜੇ ਐਲਨਚੇਜ਼ੀਅਨ ਨੇ ਦੱਸਿਆ ਕਿ ਬਠਿੰਡਾ ਦੇ ਪਿੰਡ ਪੱਕਾ ਕਲਾਂ ਦੇ ਵਾਸੀ ਹਰਪ੍ਰੀਤ ਸਿੰਘ ਤੋਂ ਵੱਟਸਐਪ ਕਾਲ ਰਾਹੀਂ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਇਸ ਦੌਰਾਨ ਹੀ ਬਠਿੰਡਾ ਦੇ ਇਕ ਕਾਰੋਬਾਰੀ ਤੋਂ ਵੀ 25 ਲੱਖ ਰੁਪਏ ਵੱਟਸਐਪ ਰਾਹੀਂ ਮੰਗੇ ਗਏ ਸਨ।
ਪੁਲਿਸ ਨੇ ਦੋਵੇਂ ਮਾਮਲਿਆਂ ਵਿਚ ਮਾਮਲਾ ਦਰਜ ਕਰ ਕੇ ਜਦੋਂ ਕਾਰਵਾਈ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਟੈਸਟ ਸੁਖਦੀਪ ਸਿੰਘ ਉਰਫ ਸੁੱਖਾ ਵਾਸੀ ਤਖਤ ਮੱਲ ਜ਼ਿਲ੍ਹਾ ਸਰਸਾ ਹਰਿਆਣਾ ਤੇ ਲਾਭ ਪ੍ਰੀਤ ਉਰਫ ਲੱਭੀ ਵਾਸੀ ਭੁਚੋ ਕਲਾਂ ਜ਼ਿਲ੍ਹਾ ਬਠਿੰਡਾ ਵੱਲੋਂ ਕਾਰੋਬਾਰੀਆਂ ਦੀ ਰੇਕੀ ਕਰਕੇ ਮੋਬਾਈਲ ਨੰਬਰ ਗੈਂਗਸਟਰਾਂ ਨੂੰ ਉਪਲੱਬਧ ਕਰਵਾਏ ਸਨ। ਪੁਲਿਸ ਨੇ ਇਨ੍ਹਾਂ ਦੋਵੇਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ ਦੋ ਦੇਸੀ ਕੱਟਾ 315 ਬੋਰ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : PSTET 2023 ਪ੍ਰੀਖਿਆ ਦਾ ਹੋਇਆ ਐਲਾਨ, ਇਸ ਦਿਨ ਹੋਵੇਗਾ ਟੈਸਟ
ਇਨ੍ਹਾਂ ਲੋਕਾਂ ਖਿਲਾਫ਼ ਪਹਿਲਾਂ ਵੀ ਕਈ ਸੰਗੀਨ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਦੇ ਮਾਮਲੇ ਦਰਜ ਹਨ। ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਠਿੰਡਾ ਜੇਲ੍ਹ 'ਚ ਬੰਦ ਗੈਂਗਸਟਰ ਫਤਹਿ ਨਾਗਰੀ ਤੇ ਸੰਦੀਪ ਸਿੰਘ ਵਾਸੀ ਬਠਿੰਡਾ ਵੀ ਇਨ੍ਹਾਂ ਫਿਰੌਤੀ ਮੰਗਣ ਦੀਆਂ ਘਟਨਾਵਾਂ 'ਚ ਸ਼ਾਮਲ ਹਨ। ਐਸਐਸਪੀ ਬਠਿੰਡਾ ਨੇ ਦੱਸਿਆ ਕਿ ਜਲਦ ਹੀ ਬਠਿੰਡਾ ਜੇਲ੍ਹ 'ਚ ਬੰਦ ਗੈਂਗਸਟਰ ਫਤਿਹ ਨਾਗਰੀ ਨੂੰ ਪ੍ਰੋਡਕਸ਼ਨ ਵਰੰਟ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
- PTC NEWS