ਸ਼ਰੇਆਮ ਗੋਲ਼ੀਆਂ ਚਲਾਉਂਦੀ ਲੜਕੀ ਦੀ ਵੀਡੀਓ ਹੋਈ ਵਾਇਰਲ, ਪਰਿਵਾਰ ਦਾ ਦਾਅਵਾ ਸਾਲ ਪੁਰਾਣੀ ਵੀਡੀਓ
ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਚਾਂਦ ਐਵੀਨਿਊ 'ਚ ਗੋਲ਼ੀਆਂ ਚਲਾਉਂਦੀ ਹੋਈ ਇਕ ਲੜਕੀ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ 'ਚ ਲੜਕੀ ਪਿਸਤੌਲ ਨਾਲ 7 ਗੋਲੀਆਂ ਚਲਾਉਂਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਨਾਬਾਲਿਗ ਲੜਕੀ ਦਾ ਪਰਿਵਾਰ ਸਾਹਮਣੇ ਆਇਆ ਹੈ। ਲੜਕੀ ਦਾ ਪਿਤਾ ਇਕ ਰੈਸਟੋਰੈਂਟ ਦੇ ਮਾਲਕ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਇਕ ਦੋਸਤ ਹੈ। ਉਨ੍ਹਾਂ ਦੀ ਬੇਟੀ ਦਾ ਦੋਸਤ ਦੇ ਪਰਿਵਾਰ ਨਾਲ ਦੋ ਦਿਨ ਪਹਿਲਾਂ ਝਗੜਾ ਹੋਇਆ ਸੀ।
ਇਸ ਕਾਰਨ ਰੰਜ਼ਿਸ਼ ਤਹਿਤ ਇਹ ਸਾਲ ਪੁਰਾਣੀ ਵੀਡੀਓ ਵਾਇਰਲ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਇਕ ਸਾਲ ਪੁਰਾਣੀ ਹੈ ਤੇ ਉਸ ਸਮੇਂ ਹੀ ਡਿਲੀਟ ਕਰ ਦਿੱਤੀ ਗਈ ਸੀ ਜਿਸ ਦੇ ਸਬੂਤ ਵੀ ਉਨ੍ਹਾਂ ਦੇ ਕੋਲ ਹਨ ਪਰ ਹੁਣ ਉਨ੍ਹਾਂ ਲੱਗਦਾ ਹੈ ਕਿ ਉਸ ਦੇ ਦੋਸਤ ਦੇ ਪਰਿਵਾਰ ਨੇ ਇਹ ਵੀਡੀਓ ਵਾਇਰਲ ਕੀਤੀ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਕਿ ਜਿਸ ਨੇ ਵਿਅਕਤੀ ਨੇ ਵੀਡੀਓ ਵਾਇਰਲ ਕੀਤੀ ਹੈ ਉਸ ਉਪਰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : 220 ਕੇਵੀ ਟਾਵਰ 'ਚ ਧਮਾਕਾ, ਲੋਕਾਂ ਦੇ ਬਿਜਲੀ ਦੇ ਮੀਟਰ ਤੇ ਹੋਰ ਸਾਮਾਨ ਸੜਿਆ
ਕਾਬਿਲੇਗੌਰ ਹੈ ਕਿ ਇਹ ਵੀਡੀਓ ਅਜਿਹੇ ਮਾਹੌਲ ਵਿੱਚ ਵਾਇਰਲ ਹੋ ਰਹੀ ਹੈ ਜਦੋਂ ਪੰਜਾਬ ਸਰਕਾਰ ਅਤੇ ਪੁਲਿਸ ਨੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਪ੍ਰਦਰਸ਼ਨੀ ਵਿਰੁੱਧ ਲਗਾਮ ਲਗਾਉਣ ਲਈ ਸਖ਼ਤ ਕਾਨੂੰਨੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਹੈ। ਪੁਲਿਸ ਦਾ ਕਹਿਣਾ ਹੈ ਫਿਲਹਾਲ ਅਸੀਂ ਤਫਤੀਸ਼ ਕਰ ਰਹੇ ਹਾਂ। ਜਾਂਚ ਮਗਰੋਂ ਹੀ ਮਾਮਲਾ ਦਰਜ ਕੀਤਾ ਜਾਵੇਗਾ।
- PTC NEWS