ਟਰੱਕ ਆਪ੍ਰੇਟਰਾਂ ਤੇ ਪ੍ਰਸ਼ਾਸਨ ਦਰਮਿਆਨ ਮੀਟਿੰਗ ਰਹੀ ਬੇਸਿੱਟਾ, ਸ਼ੰਭੂ ਬੈਰੀਅਰ 'ਤੇ ਧਰਨਾ ਜਾਰੀ
ਸ਼ੰਭੂ : ਪੰਜਾਬ ਵਿਚ ਧਰਨਿਆਂ ਤੇ ਮੁਜ਼ਾਹਰਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਮੁਲਾਜ਼ਮ ਵਰਗ ਵੀ ਸਰਕਾਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਪਹਿਲਾਂ ਹੀ ਸੜਕਾਂ ਉਤੇ ਉਤਰੇ ਹੋਏ ਹਨ। ਹੁਣ ਟਰੱਕ ਆਪ੍ਰੇਰਟਰ ਯੂਨੀਅਨ ਨੇ ਵੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਟਰੱਕ ਆਪ੍ਰੇਟਰਾਂ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਪਰ ਸਰਕਾਰ ਦੇ ਕੰਨ ਉਤੇ ਜੂੰ ਨਾ ਸਿਰਕਣ ਕਾਰਨ ਟਰੱਕ ਆਪ੍ਰੇਰਟਰਾਂ ਨੇ ਸ਼ੰਭੂ ਬੈਰੀਅਰ ਉਤੇ ਧਰਨਾ ਲਗਾ ਦਿੱਤਾ ਹੈ।
ਪ੍ਰਸਾਸ਼ਨ ਤੇ ਟਰੱਕ ਅਪ੍ਰੇਟਰਾਂ ਦੀ ਮੀਟਿੰਗ ਖਤਮ ਹੋ ਗਈ ਹੈ। ਟਰੱਕ ਆਪ੍ਰੇਟਰਾਂ ਨੇ ਵਿਧਾਇਕ ਗੁਰਲਾਲ ਘਨੌਰ ਅਤੇ ਐੱਸਡੀਐੱਮ ਸੰਜੀਵ ਕੁਮਾਰ ਸਾਹਮਣੇ ਆਪਣੀਆਂ ਮੰਗਾਂ ਰੱਖੀਆ ਪਰ ਇਹ ਮੀਟਿੰਗ ਬੇਸਿੱਟਾ ਰਹੀ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਉਤੇ ਭਰੋਸਾ ਨਹੀਂ ਹੈ। ਸਰਕਾਰ ਟਰੱਕ ਯੂਨੀਅਨ ਨੂੰ ਬਹਾਲ ਕਰਨ ਦਾ ਬਿਆਨ ਜਾਰੀ ਕਰੇ। ਇਸ ਤੋਂ ਬਾਅਦ ਅਸੀਂ ਧਰਨਾ ਚੁੱਕਣ ਲਈ ਤਿਆਰ ਹਾਂ।
ਟਰੱਕ ਯੂਨੀਅਨ ਤੇ ਪ੍ਰਸ਼ਾਸਨ ਵਿਚਕਾਰ ਦੂਜੀ ਵਾਰ ਕੀਤੀ ਮੀਟਿੰਗ ਵੀ ਬੇਸਿੱਟਾ ਰਹੀ। ਇਸ ਦੌਰਾਨ ਟਰੱਕ ਆਪ੍ਰੇਟਰ ਆਗੂ ਪਰਮਜੀਤ ਸਿੰਘ ਫਾਜ਼ਿਲਕਾ ਨੇ ਕਿਹਾ ਕਿ ਪੰਜਾਬ ਦੀ 5 ਮੈਂਬਰੀ ਕਮੇਟੀ ਨਾਲ ਤਿੰਨ ਵਾਰ ਮੀਟਿੰਗ ਕਰ ਚੁੱਕੇ ਹਾਂ। ਸਰਕਾਰ ਭਰੋਸਾ ਦੇਣ ਨੂੰ ਤਿਆਰ ਨਹੀਂ ਹੈ ਇਸ ਕਾਰਨ ਸਾਡਾ ਧਰਨਾ ਜਾਰੀ ਰਹੇਗਾ। ਸਰਕਾਰ ਲਾਅਰੇਬਾਜ਼ੀ ਲਗਾ ਕੇ ਭਰਮਾ ਰਹੀ ਹੈ। ਇਸ ਦੌਰਾਨ ਸਰਕਾਰ ਨੇ ਦੋਵੇਂ ਰਸਤੇ ਖੋਲ੍ਹਣ ਦੀ ਅਪੀਲ ਕੀਤੀ ਹੈ। ਆਗੂ ਨੇ ਕਿਹਾ ਕਿ ਨਤੀਜੇ ਤੋਂ ਪਹਿਲਾਂ ਧਰਨਾ ਨਹੀਂ ਚੁੱਕਾਂਗੇ।
ਆਲ ਪੰਜਾਬ ਟਰੱਕ ਆਪਰੇਟਰ ਏਕਤਾ ਯੂਨੀਅਨ ਪੰਜਾਬ ਵੱਲੋਂ ਪ੍ਰਧਾਨ ਹੈਪੀ ਸੰਧੂ, ਅਜੈ ਸਿੰਗਲਾ ਜ਼ਿਲ੍ਹਾ ਪ੍ਰਧਾਨ ਸੰਗਰੂਰ, ਜਤਿੰਦਰ ਸਿੰਘ ਰੋਮੀ ਡੇਰਾਬੱਸੀ, ਪਰਮਜੀਤ ਸਿੰਘ ਫਾਜ਼ਿਲਕਾ ਸਾਂਝਾ ਮੋਰਚਾ, ਹਰਵਿੰਦਰ ਸਿੰਘ ਵਾਲੀਆ ਪ੍ਰਮੁੱਖ ਆਗੂ ਟਰੱਕ ਯੂਨੀਅਨ ਰਾਜਪੁਰਾ ਦੀ ਅਗਵਾਈ ’ਚ ਸ਼ੰਭੂ ਬੈਰੀਅਰ ’ਤੇ ਅੰਬਾਲੇ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕ ਦਿੱਤਾ ਗਿਆ ਹੈ। ਟਰੱਕ ਆਪ੍ਰੇਰਟਰਾਂ ਨੇ ਅੱਤ ਦੀ ਠੰਢ ਵਿਚ ਸਾਰੀ ਰਾਤ ਸ਼ੰਭੂ ਬੈਰੀਅਰ ਉਤੇ ਗੁਜ਼ਾਰੀ ਤੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ।
ਇਸ ਕਾਰਨ ਵਾਹਨ ਚਾਲਕਾਂ ਨੂੰ ਬਦਲਵੇਂ ਰਸਤਿਆਂ ਤੋਂ ਜਾਣ ਲਈ ਮਜਬੂਰ ਹੋਣਾ ਪਿਆ ਤੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਰੋਸ ਧਰਨੇ ਕਾਰਣ ਰਾਜਪੁਰਾ ਸ਼ਹਿਰ ਅੰਦਰ ਜਾਮ ਵਰਗੀ ਸਥਿਤੀ ਬਣੀ ਰਹੀ ਤੇ ਗਗਨ ਚੌਕ ਨੇੜੇ ਟ੍ਰੈਫਿਕ ਪੁਲਿਸ ਅਤੇ ਪੰਜਾਬ ਪੁਲਿਸ ਮੁਲਾਜ਼ਮ ਵਾਹਨਾਂ ਨੂੰ ਸ਼ੰਭੂ ਬੈਰੀਅਰ ਵੱਲ ਜਾਣ ਤੋਂ ਰੋਕ ਕੇ ਹੋਰਨਾਂ ਬਦਲਵੇ ਰਸਤਿਆਂ ਰਾਹੀਂ ਭੇਜਦੇ ਰਹੇ। ਇਸ ਦੌਰਾਨ ਧਰਨੇ ਉਪਰ ਬੈਠੇ ਆਪ੍ਰੇਟਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸੂਬੇ ਤੋਂ 134 ਦੇ ਕਰੀਬ ਪੁੱਜੀਆਂ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਟਰੱਕ ਯੂਨੀਅਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਨੇ ਸਾਲ 2017 'ਚ ਪੰਜਾਬ ਸੂਬੇ ਅੰਦਰ ਵਪਾਰੀ ਵਰਗ ਨੂੰ ਫਾਇਦਾ ਦੇਣ ਦੇ ਮਕਸਦ ਨਾਲ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਸਨ। ਜ਼ਿਲ੍ਹਾ ਮੋਹਾਲੀ ਵਿਖੇ ਟਰੱਕ ਯੂਨੀਅਨਾਂ ਵੱਲੋਂ ਦਿੱਤੇ ਧਰਨੇ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ ਸਨ, ਨੇ ਚੋਣਾਂ ਤੋਂ ਪਹਿਲਾਂ ਯੂਨੀਅਨ ਪੰਜਾਬ ਦੇ ਧਰਨੇ ਉਤੇ ਆ ਕੇ ਮੰਗਾਂ ਮੰਨਣ ਲਈ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ : ਜ਼ੀਰਾ ਫੈਕਟਰੀ : ਪਾਣੀ ਦੂਸ਼ਿਤ ਕਰਨ ਵਾਲੇ ਲੋਕਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਰਾਕੇਸ਼ ਟਿਕੈਤ
ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਪਿੱਛੋਂ ਕੁੱਝ ਮਹੀਨੇ ਪਹਿਲਾਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ। ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨਾਲ ਕੀਤੀ ਗਈਆਂ ਮੀਟਿੰਗਾ ਬੇਸਿੱਟਾਂ ਰਹੀਆਂ ਤੇ ਹੁਣ ਤੱਕ ਉਨ੍ਹਾਂ ਦੇ ਮਸਲੇ ਹੱਲ ਨਹੀਂ ਕਰ ਰਹੀ। ਜਿਸ ਕਰਕੇ ਅੱਜ ਪੱਕੇ ਤੌਰ ਉਤੇ ਸ਼ੰਭੂ ਬੈਰੀਅਰ ਉਪਰ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਹੈ।
- PTC NEWS