ਸ਼ੰਭੂ ਬੈਰੀਅਰ 'ਤੇ ਧਰਨਾ ਦੇ ਰਹੇ ਟਰੱਕ ਆਪ੍ਰੇਟਰਾਂ ਨੇ ਪ੍ਰਸ਼ਾਸਨ ਦੀ ਸ਼ਰਤ ਮੰਨਣ ਤੋਂ ਕੀਤਾ ਇਨਕਾਰ
ਸ਼ੰਭੂ : ਪ੍ਰਸ਼ਾਸਨ ਨੇ ਸ਼ੰਭੂ ਬੈਰੀਅਰ ਉਤੇ ਧਰਨਾ ਦੇ ਰਹੇ ਟਰੱਕ ਆਪ੍ਰੇਟਰਾਂ ਅੱਗੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਸ਼ਰਤ ਰੱਖੀ ਹੈ। ਪ੍ਰਸ਼ਾਸਨ ਨੇ ਟਰੱਕ ਆਪ੍ਰੇਟਰਾਂ ਅੱਗੇ ਸ਼ਰਤ ਰੱਖੀ ਕਿ ਪਹਿਲਾਂ ਧਰਨਾ ਖ਼ਤਮ ਕਰੋ ਫਿਰ ਮੀਟਿੰਗ ਹੋਵੇਗੀ ਪਰ ਟਰੱਕ ਆਪ੍ਰੇਟਰ ਮੰਗਾਂ ਨਾ ਮੰਨੇ ਜਾਣ ਉਤੇ ਧਰਨਾ ਨਾ ਚੁੱਕਣ ਲਈ ਬਜਿੱਦ ਹਨ। ਇਸ ਦੇ ਉਲਟ ਟਰੱਕ ਯੂਨੀਅਨ ਦੇ ਆਗੂਆਂ ਨੇ ਮੀਟਿੰਗ ਤੋਂ ਇਨਕਾਰ ਕਰ ਦਿੱਤਾ ਹੈ। ਟਰੱਕ ਆਪ੍ਰੇਟਰ ਯੂਨੀਅਨ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਸਬ ਕਮੇਟੀ ਵਿਚ ਸ਼ਾਮਲ ਮੈਂਬਰਾਂ ਦੀ ਜਾਣਕਾਰੀ ਦਿੱਤੀ ਜਾਵੇ। ਸਬ ਕਮੇਟੀ ਵਿਚ ਸ਼ਾਮਲ ਮੈਂਬਰਾਂ ਦੀ ਜਾਣਕਾਰੀ ਪੱਤਰ ਵਿਚ ਨਾ ਹੋਣ ਕਾਰਨ ਹਾਲੇ ਮੀਟਿੰਗ ਉਤੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ।
ਧਰਨਕਾਰੀ ਟਰੱਕ ਆਪ੍ਰੇਟਰਾਂ ਨੇ ਪ੍ਰਸ਼ਾਸਨ ਦੀ ਸ਼ਰਤ ਮੰਨਣ ਤੋਂ ਕੀਤਾ ਇਨਕਾਰ। ਕਾਬਿਲੇਗੌਰ ਹੈ ਕਿ ਪ੍ਰਸ਼ਾਸਨ ਨੇ ਭਲਕੇ ਤਿੰਨ ਜਨਵਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ। ਬੀਤੇ ਦਿਨ ਟਰੱਕ ਆਪ੍ਰੇਟਰਾਂ ਨੇ ਪੁਲਿਸ ਉਤੇ ਸਹਿਯੋਗ ਨਾ ਕਰਨ ਦੇ ਇਲਜ਼ਾਮ ਲਗਾਏ। ਇਸ ਮੌਕੇ ਰਾਹਗੀਰ ਇਕੱਠੇ ਹੋ ਗਏ ਅਤੇ ਟਰੱਕ ਆਪ੍ਰੇਟਰਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਕਾਬਿਲੇਗੌਰ ਹੈ ਕਿ ਭਲਕੇ ਸ਼ੰਭੂ ਬੈਰੀਅਰ ਉਤੇ ਤੀਜੇ ਦਿਨ ਵੀ ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਤੇ ਟਰੱਕ ਆਪ੍ਰੇਟਰਾਂ ਦਾ ਰੋਸ ਧਰਨਾ ਜਾਰੀ ਰਿਹਾ। ਇਥੋਂ ਤੱਕ ਕਿ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਸ਼ੰਭੂ ਬੈਰੀਅਰ ਤੋਂ ਬਨੂੜ ਵੱਲ ਜਾਣ ਵਾਲਾ ਰਾਹ ਵੀ ਕੁੱਝ ਘੰਟਿਆਂ ਦੇ ਲਈ ਬੰਦ ਕੀਤਾ ਗਿਆ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਧਰਨਕਾਰੀਆਂ ਦੇ ਨਾਲ ਗੱਲਬਾਤ ਕਰਕੇ ਰਾਹ ਖੁਲ੍ਹਵਾ ਦਿੱਤਾ ਗਿਆ। ਇਸ ਰੋਸ ਧਰਨੇ ਵਿਚ ਪੰਜਾਬ ਸਰਕਾਰ ਵੱਲੋਂ ਐਸਪੀ ਹਰਬੀਰ ਸਿੰਘ ਅਟਵਾਲ ਤੇ ਐਸਡੀਐਮ ਰਾਜਪੁਰਾ ਡਾ. ਸੰਜੀਵ ਕੁਮਾਰ 5 ਮੈਂਬਰੀ ਕਮੇਟੀ ਦੇ ਨਾਲ ਗੱਲਬਾਤ ਕਰਨ ਲਈ ਪੁੱਜੇ ਪਰ ਮੀਟਿੰਗ ਬੇਸਿੱਟਾ ਰਹੀ।
ਪੰਜਾਬ ਪੱਧਰ ਤੋਂ 134 ਦੇ ਕਰੀਬ ਟਰੱਕ ਯੂਨੀਅਨਾਂ ਤੇ ਆਪ੍ਰੇਟਰਾਂ ਦਾ ਸਮੇਤ ਟਰੱਕਾਂ ਰੋਸ ਧਰਨਾ 5 ਮੈਂਬਰੀ ਕਮੇਟੀ ਪਰਮਜੀਤ ਸਿੰਘ ਫਾਜ਼ਿਲਕਾ, ਗੁਰਨਾਮ ਸਿੰਘ ਜੌਹਲ, ਕੁਲਵਿੰਦਰ ਸਿੰਘ ਸੁਨਾਮ, ਅਜੈ ਸਿੰਗਲਾ, ਰੇਸ਼ਮ ਸਿੰਘ ਮਾਨਸਾ ਦੀ ਅਗਵਾਈ 'ਚ ਤੀਜੇ ਦਿਨ ਵੀ ਦੇਰ ਰਾਤ ਤੱਕ ਜਾਰੀ ਰਿਹਾ।
ਇਹ ਵੀ ਪੜ੍ਹੋ : ਨਵੇਂ ਸਾਲ 'ਚ ਅੱਤ ਦੀ ਠੰਢ ਤੇ ਸੰਘਣੀ ਧੁੰਦ ਕਾਰਨ ਰੁਕੀ ਜ਼ਿੰਦਗੀ ਦੀ ਰਫ਼ਤਾਰ, ਹਦਾਇਤਾਂ ਜਾਰੀ
ਰੋਸ ਧਰਨੇ 'ਚ ਟਰੱਕ ਯੂਨੀਅਨ ਆਗੂਆਂ ਨੇ ਆਪਣੀਆਂ ਮੰਗਾਂ ਦੇ ਸਬੰਧ 'ਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਤੁਰੰਤ ਟਰੱਕ ਯੂਨੀਅਨਾਂ ਬਹਾਲ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਪੰਜਾਬ ਸਰਕਾਰ ਦੀ ਤਰਫੋਂ ਰੋਸ ਧਰਨੇ 'ਚ ਬੈਠੇ ਧਰਨਕਾਰੀਆਂ ਦੇ ਨਾਲ ਐਸਪੀ ਹਰਬੀਰ ਸਿੰਘ ਅਟਵਾਲ ਤੇ ਐੱਸਡੀਐੱਮ ਰਾਜਪੁਰਾ ਡਾ. ਸੰਜੀਵ ਕੁਮਾਰ ਪਹੁੰਚੇ ਤੇ ਉਨ੍ਹਾਂ ਨੇ ਉਕਤ 5 ਮੈਂਬਰੀ ਕਮੇਟੀ ਦੇ ਨਾਲ ਪੰਜਾਬ ਸਰਕਾਰ ਦੇ 5 ਕੈਬਨਿਟ ਮੰਤਰੀਆਂ ਦੀ ਕਮੇਟੀ ਬਣਾ ਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ।
- PTC NEWS