ਪਹਾੜੀ ਇਲਾਕਿਆਂ 'ਚ ਵਧਣ ਲੱਗਾ ਤਾਪਮਾਨ, ਮੈਦਾਨੀ ਇਲਾਕਿਆਂ 'ਚ ਵੀ ਗਰਮੀ ਦਾ ਅਹਿਸਾਸ
Weather Update : ਅਜੇ ਫਰਵਰੀ ਮਹੀਨੇ ਦੇ ਲਗਭਗ 9 ਦਿਨ ਬਾਕੀ ਹਨ ਤੇ ਉੱਤਰੀ ਅਤੇ ਉੱਤਰ-ਪੱਛਮੀ ਭਾਰਤ ਦੇ ਕਈ ਇਲਾਕਿਆਂ 'ਚ ਤਾਪਮਾਨ ਤੇਜ਼ੀ ਨਾਲ ਚੜ੍ਹਨਾ ਸ਼ੁਰੂ ਹੋ ਗਿਆ ਹੈ। ਪੱਛਮੀ ਤੱਟੀ ਖੇਤਰਾਂ ਵਿਚ ਹੀਟਵੇਵ ਦੇ ਹਾਲਾਤ ਪੈਦਾ ਹੋ ਗਏ ਹਨ, ਜਦੋਂ ਕਿ ਪਹਾੜੀ ਖੇਤਰ ਵੀ ਗਰਮ ਹੋ ਗਏ ਹਨ। ਸ਼ਿਮਲਾ, ਸੋਲਨ ਅਤੇ ਡਲਹੌਜ਼ੀ ਵਰਗੇ ਸੈਰ-ਸਪਾਟਾ ਸਥਾਨਾਂ ਉਤੇ ਵੀ ਗਰਮੀ ਦਾ ਅਹਿਸਾਸ ਹੋਣ ਲੱਗਾ ਹੈ। ਇਸ ਕਾਰਨ ਠੰਢ ਦਾ ਆਨੰਦ ਲੈਣ ਆਏ ਸੈਲਾਨੀ ਨਿਰਾਸ਼ ਹੋ ਕੇ ਪਰਤਣ ਲੱਗੇ ਹਨ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਸ਼ਨਿਚਰਵਾਰ ਦਾ ਦਿਨ 17 ਸਾਲਾਂ ਵਿਚ ਫਰਵਰੀ ਮਹੀਨੇ ਦੇ ਸਭ ਤੋਂ ਗਰਮ ਦਿਨ ਵਜੋਂ ਦਰਜ ਕੀਤਾ ਗਿਆ ਹੈ। ਇੱਥੇ ਸ਼ਨਿਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਰਿਹਾ ਜੋ ਆਮ ਨਾਲੋਂ 11.4 ਡਿਗਰੀ ਵੱਧ ਹੈ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਸ਼ਨਿੱਚਰਵਾਰ ਨੂੰ ਘੱਟੋ-ਘੱਟ ਤਾਪਮਾਨ 14.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਫਰਵਰੀ 'ਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਸੀ। ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਦਰਜ ਕੀਤਾ ਗਿਆ। ਜ਼ਿਆਦਾਤਰ ਮੈਦਾਨੀ ਇਲਾਕਿਆਂ 'ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਨੂੰ ਪਾਰ ਕਰ ਗਿਆ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ ਦੋ-ਤਿੰਨ ਦਿਨਾਂ 'ਚ ਪਾਰਾ 32 ਡਿਗਰੀ ਤੱਕ ਪੁੱਜਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ 'ਚ ਫਰਵਰੀ 'ਚ ਹੀ ਅਪ੍ਰੈਲ ਵਰਗੀ ਗਰਮੀ ਮਹਿਸੂਸ ਹੋਣ ਲੱਗੀ ਹੈ।
ਆਮ ਤੌਰ 'ਤੇ ਫਰਵਰੀ ਦੇ ਮਹੀਨੇ ਵਿਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿੰਦਾ ਹੈ ਪਰ ਐਤਵਾਰ ਨੂੰ ਦਿੱਲੀ ਦਾ ਤਾਪਮਾਨ 31.5 ਡਿਗਰੀ ਦਰਜ ਕੀਤਾ ਗਿਆ। ਪਿਛਲੇ 14 ਸਾਲਾਂ 'ਚ ਇਹ ਪਹਿਲੀ ਵਾਰ ਹੈ ਕਿ ਫਰਵਰੀ ਦੇ ਪਹਿਲੇ 20 ਦਿਨਾਂ 'ਚ ਹੀ ਪਾਰਾ ਇੰਨਾ ਵਧਿਆ ਹੈ। ਵੈਸੇ ਤਾਂ 2006 ਤੋਂ 2022 ਤੱਕ ਪੰਜ ਵਾਰ ਤਾਪਮਾਨ 30 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਪਰ ਅਜਿਹਾ 20 ਫਰਵਰੀ ਤੋਂ ਬਾਅਦ ਹੀ ਹੋਇਆ ਹੈ। ਸਾਲ 2006 'ਚ 26 ਫਰਵਰੀ ਨੂੰ ਪਾਰਾ 34.1 ਡਿਗਰੀ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਚਲਾਇਆ ‘ਆਪ੍ਰੇਸ਼ਨ ਸੀਲ’, 6378 ਵਾਹਨਾਂ ਦੀ ਚੈਕਿੰਗ, 366 ਦੇ ਚਲਾਨ ਤੇ 32 ਨੂੰ ਕੀਤਾ ਜ਼ਬਤ
ਹਿਮਾਚਲ ਪ੍ਰਦੇਸ਼ 'ਚ ਇਸ ਸਮੇਂ ਘੱਟੋ-ਘੱਟ ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4-5 ਡਿਗਰੀ ਵੱਧ ਹੈ। ਕੁਝ ਖੇਤਰਾਂ 'ਚ ਇਹ ਆਮ ਨਾਲੋਂ 8-10 ਡਿਗਰੀ ਵੱਧ ਹੈ। ਡਲਹੌਜ਼ੀ 'ਚ ਘੱਟੋ-ਘੱਟ ਤਾਪਮਾਨ 15.2 ਡਿਗਰੀ ਰਿਹਾ। ਇਸ ਤੋਂ ਪਹਿਲਾਂ 23 ਫਰਵਰੀ 2015 ਨੂੰ 14.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦੇ ਜ਼ਿਆਦਾਤਰ ਖੇਤਰਾਂ 'ਚ ਵੱਧ ਤੋਂ ਵੱਧ ਤਾਪਮਾਨ 26-29 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ, ਜੋ ਕਿ ਆਮ ਨਾਲੋਂ 6-11 ਡਿਗਰੀ ਸੈਲਸੀਅਸ ਵੱਧ ਹੈ।
ਯੂਪੀ ਤੇ ਪੰਜਾਬ 'ਚ ਮੀਂਹ ਦੀ ਸੰਭਾਵਨਾ
ਆਈਐਮਡੀ ਦੇ ਵਿਗਿਆਨੀ ਡਾਕਟਰ ਨਰੇਸ਼ ਨੇ ਕਿਹਾ ਕਿ ਪੱਛਮੀ ਹਿਮਾਲੀਅਨ ਖੇਤਰ 'ਚ ਪੱਛਮੀ ਗੜਬੜੀ ਦੀ ਸੰਭਾਵਨਾ ਹੈ। ਇਸ ਦਾ ਅਸਰ ਜੰਮੂ-ਕਸ਼ਮੀਰ ਦੇ ਮੌਸਮ 'ਤੇ ਵੀ ਪਵੇਗਾ। ਇਸ ਦਾ ਅਸਰ ਸੋਮਵਾਰ ਤੋਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਦੇਖਣ ਨੂੰ ਮਿਲੇਗਾ ਅਤੇ ਅਗਲੇ ਦੋ ਦਿਨਾਂ ਤੱਕ ਇਹ ਰਹੇਗਾ। ਇਨ੍ਹਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਵੀ ਅਗਲੇ ਦੋ-ਤਿੰਨ ਦਿਨਾਂ ਦੌਰਾਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਕੋਂਕਣ ਤੇ ਕੱਛ ਵਿਚ ਹੀਟ ਵੇਵ ਅਲਰਟ
IMD ਨੇ ਗੁਜਰਾਤ ਦੇ ਕੋਂਕਣ ਅਤੇ ਕੱਛ ਦੇ ਪੱਛਮੀ ਤੱਟੀ ਖੇਤਰਾਂ 'ਚ ਅਗਲੇ ਦੋ ਦਿਨਾਂ ਲਈ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਆਈਐਮਡੀ ਅਨੁਸਾਰ ਅਗਲੇ ਕੁਝ ਦਿਨਾਂ 'ਚ ਪੱਛਮੀ ਤੱਟ ਜਾਂ ਗੁਜਰਾਤ ਖੇਤਰ ਵਿਚ ਤਾਪਮਾਨ 37 ਤੋਂ 39 ਡਿਗਰੀ ਦੇ ਵਿਚਕਾਰ ਪਹੁੰਚਣ ਦੀ ਸੰਭਾਵਨਾ ਹੈ। ਤੱਟਵਰਤੀ ਖੇਤਰਾਂ 'ਚ ਗਰਮ ਹਵਾਵਾਂ ਚੱਲ ਸਕਦੀਆਂ ਹਨ।
ਅੰਮ੍ਰਿਤਸਰ ਵਿਚ ਐਤਵਾਰ ਨੂੰ ਘੱਟ ਤੋਂ ਘੱਟ ਤਾਪਮਾਨ 13.1 ਡਿਗਰੀ, ਲੁਧਿਆਣਾ ਵਿਚ 11.7 ਡਿਗਰੀ, ਪਟਿਆਲਾ ਵਿਚ 12.7 ਡਿਗਰੀ, ਪਠਾਨਕੋਟ ਵਿਚ 14.6 ਡਿਗਰੀ ਤੇ ਮੁਹਾਲੀ ਵਿਚ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 27.3 ਡਿਗਰੀ, ਮੁਹਾਲੀ ਦਾ 28 ਡਿਗਰੀ ਤੇ ਲੁਧਿਆਣਾ ਦਾ 27.4 ਡਿਗਰੀ ਰਿਹਾ। ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 28.2 ਡਿਗਰੀ ਰਿਹਾ। ਹਰਿਆਣਾ ਦੇ ਹਿਸਾਰ ਦਾ ਤਾਪਮਾਨ ਅੱਜ 26.4 ਡਿਗਰੀ ਸੈਲਸੀਅਸ ਤੇ ਕਰਨਾਲ ਦਾ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
- PTC NEWS