ਵੱਡੇ ਪਰਦੇ 'ਤੇ ਨਜ਼ਰ ਆਏਗੀ ‘ਡਾਕੂ ਹਸੀਨਾ’ ਦੀ ਕਹਾਣੀ ,ਪੁਲਿਸ ਕਮਿਸ਼ਨਰ ਨੂੰ ਫ਼ੋਨ ਕਰ ਰਹੇ ਨੇ ਲੇਖਕ ,ਜਾਣੋ ਕੀ ਹੈ ਪੂਰੀ ਸਚਾਈ
Punjab News: ਲੁਧਿਆਣਾ ਦੀ ਸੀਐਮਐਸ ਕੰਪਨੀ ਵਿੱਚ 9 ਜੂਨ ਨੂੰ ਇੱਕ ਹਸੀਨਾ ਨੇ ਆਪਣੇ 10 ਸਾਥੀਆਂ ਨਾਲ ਮਿਲ ਕੇ ਫਿਲਮੀ ਸਟਾਈਲ ਵਿੱਚ 8.49 ਕਰੋੜ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ। ਜਾਣਕਾਰੀ ਅਨੁਸਾਰ ਹੁਣ ਇਸ ਘਟਨਾ 'ਤੇ ਫ਼ਿਲਮ ਜਾਂ ਵੈੱਬ ਸੀਰੀਜ਼ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲੁੱਟ ਤੋਂ ਬਾਅਦ ਫਿਲਮ ਨਿਰਮਾਤਾ 'ਡਾਕੂ ਹਸੀਨਾ' ਦੇ ਰੂਪ 'ਚ ਲਾਈਮਲਾਈਟ 'ਚ ਆਈ ਮਨਦੀਪ ਕੌਰ ਉਰਫ ਮੋਨਾ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਦਿਖਾਉਣਾ ਚਾਹੁੰਦੇ ਹਨ। ਇਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ 'ਡਾਕੂ ਹਸੀਨਾ' ਦੀ ਇਸ ਕਹਾਣੀ 'ਚ ਰੋਮਾਂਸ, ਡਰਾਮਾ, ਐਕਸ਼ਨ ਅਤੇ ਸਸਪੈਂਸ ਸਭ ਕੁਝ ਹੈ ਜੋ ਦਰਸ਼ਕ ਪਸੰਦ ਕਰ ਸਕਦੇ ਹਨ।
ਕੀ ਹੈ ਪੂਰੀ ਕਹਾਣੀ
ਮੋਨਾ ਯਾਨੀ 'ਡਾਕੂ ਹਸੀਨਾ' ਬਚਪਨ ਤੋਂ ਹੀ ਆਪਣੇ ਨਾਨਾ-ਨਾਨੀ ਦੇ ਘਰ ਰਹਿੰਦੀ ਸੀ। ਮਾਤਾ-ਪਿਤਾ ਤੋਂ ਦੂਰ ਹੋਣ ਕਾਰਨ ਉਸ ਨੂੰ ਬਹੁਤ ਆਜ਼ਾਦੀ ਮਿਲੀ, ਇਸ ਲਈ ਉਸ ਦੇ ਸ਼ੌਕ ਵੀ ਵਧ ਗਏ। ਇਸ ਕਾਰਨ ਉਸ ਨੇ 3 ਵਾਰ ਵਿਆਹ ਕਰਵਾ ਲਿਆ। ਇੰਟਰਨੈੱਟ ਰਾਹੀਂ ਉਹ ਬਰਨਾਲਾ ਦੇ ਜਸਵਿੰਦਰ ਸਿੰਘ ਦੇ ਸੰਪਰਕ ਵਿੱਚ ਆਈ ਅਤੇ ਉਸ ਨਾਲ ਵਿਆਹ ਕਰਵਾ ਲਿਆ। ਇਸ ਦੇ ਬਾਵਜੂਦ ਉਸ ਦਾ ਅਮੀਰ ਬਣਨ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਫਿਰ ਇੱਕ ਦਿਨ ਅਚਾਨਕ ਉਸਦੀ ਮੁਲਾਕਾਤ ਸੀ.ਐਮ.ਐਸ ਕੰਪਨੀ ਦੇ ਡਰਾਈਵਰ ਮਨਜਿੰਦਰ ਸਿੰਘ ਉਰਫ਼ ਮਨੀ ਨਾਲ ਹੋਈ, ਜੋ ਜ਼ਿਲ੍ਹਾ ਕਚਹਿਰੀ ਕੰਪਲੈਕਸ ਦੇ ਏ.ਟੀ.ਐਮ ਵਿੱਚ ਪੈਸੇ ਜਮ੍ਹਾ ਕਰਵਾਉਣ ਆਇਆ ਸੀ।
ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ ਅਤੇ ਮੋਨਾ ਉਸ ਨਾਲ ਫਲਰਟ ਕਰਨ ਲੱਗੀ। ਮੋਨਾ ਨੇ ਮਨੀ ਨਾਲ ਮਿਲ ਕੇ ਇਸ ਸਾਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਯੋਜਨਾ ਬਣਾਈ। ਕੰਪਨੀ ਦੇ ਅੰਦਰ ਅਤੇ ਬਾਹਰ ਜਾਣ ਦਾ ਰਸਤਾ ਅਜਿਹਾ ਸੀ ਕਿ ਸੀਸੀਟੀਵੀ ਕੈਮਰਾ ਨਹੀਂ ਸੀ। ਉਹ ਰਾਤ ਨੂੰ ਕਿਸੇ ਨੂੰ ਨਜ਼ਰ ਨਾ ਆਉਣ, ਇਸ ਲਈ ਸਾਰਿਆਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ। ਕਿਸੇ ਨੂੰ ਵੀ ਮੋਬਾਈਲ ਫ਼ੋਨ ਵਰਤਣ ਦੀ ਇਜਾਜ਼ਤ ਨਹੀਂ ਸੀ। ਇਸ ਦੇ ਬਾਵਜੂਦ ਪੁਲੀਸ ਨੇ ਉਨ੍ਹਾਂ ਲੋਕਾਂ ਨੂੰ ਫੜ ਲਿਆ।
ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦਿੱਤਾ 'ਡਾਕੂ ਹਸੀਨਾ' ਦਾ ਨਾਂਅ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਮਨਦੀਪ ਕੌਰ ਦਾ ਨਾਂ ‘ਡਾਕੂ ਹਸੀਨਾ’ ਰੱਖਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਮੋਨਾ, ਉਸ ਦੇ ਪਤੀ ਜਸਵਿੰਦਰ ਸਿੰਘ, ਪ੍ਰੇਮੀ ਮਨਜਿੰਦਰ ਸਿੰਘ ਸਮੇਤ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
- PTC NEWS