ਪਹਾੜਾਂ 'ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਡਿੱਗਿਆ ਤਾਪਮਾਨ, ਠੰਢੀਆਂ ਹਵਾਵਾਂ ਨੇ ਛੇੜੀ ਕੰਬਣੀ
ਨਵੀਂ ਦਿੱਲੀ : ਪਹਾੜੀ ਇਲਾਕਿਆਂ 'ਚ ਪੈ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਮੈਦਾਨੀ ਇਲਾਕਿਆਂ ਵਿਚ ਚੱਲੀਆਂ ਠੰਢੀਆਂ ਹਵਾਵਾਂ ਨੇ ਮੁੜ ਠੰਢ ਦਾ ਅਹਿਸਾਸ ਮਹਿਸੂਸ ਕਰਵਾ ਦਿੱਤਾ ਹੈ। ਉੱਤਰ ਭਾਰਤ ਵਿਚ ਠੰਢੀਆਂ ਹਵਾਵਾਂ ਕਾਰਨ ਲੋਕਾਂ ਨੇ ਮੁੜ ਗਰਮ ਕੱਪੜੇ ਕੱਢ ਲਏ ਹਨ। ਇਸ ਇਲਾਵਾ ਮੌਸਮ ਵਿਭਾਗ ਨੇ ਪਹਾੜੀ ਇਲਾਕਿਆਂ 'ਚ ਹਲਕੀ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਪੰਜਾਬ ਵਿਚ ਐਤਵਾਰ ਸ਼ਾਮ ਤੇ ਸੋਮਵਾਰ ਸਵੇਰੇ ਚੱਲੀ ਠੰਢੀ ਹਵਾ ਕਰਕੇ ਮੁੜ ਕੰਬਣੀ ਛਿੜ ਗਈ। ਸਰਦ ਹਵਾਵਾਂ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਤਵਾਰ ਦੇ ਮੁਕਾਬਲੇ ਸੋਮਵਾਰ ਸਵੇਰੇ ਤਾਪਮਾਨ 'ਚ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਅੱਜ ਦਿੱਲੀ-ਐਨਸੀਆਰ 'ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ 'ਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਘੱਟ ਹੈ।
ਇਹ ਵੀ ਪੜ੍ਹੋ : ਨੌਜਵਾਨ ਵੱਲੋਂ ਖੇਤੀਬਾੜੀ ਸੁਸਾਇਟੀ ਦੇ ਸੈਕਟਰੀ ਦੇ ਘਰ ਅੱਗੇ ਆਤਮਦਾਹ ਦੀ ਕੋਸ਼ਿਸ਼
ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਠੰਢੀਆਂ ਹਵਾਵਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਠੰਢੀਆਂ ਹਵਾਵਾਂ ਕਾਰਨ ਤਾਪਮਾਨ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ 'ਚ 35 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਬਾਕੀ ਸੂਬਿਆਂ 'ਚ ਅਗਲੇ ਪੰਜ ਦਿਨਾਂ ਤੱਕ ਮੌਸਮ ਸਾਫ਼ ਰਹੇਗਾ।
- PTC NEWS