Sat, Mar 29, 2025
Whatsapp

ਸ਼੍ਰੋਮਣੀ ਕਮੇਟੀ ਵੱਲੋਂ ਜਲਾਵਨ ਸਿੰਘ ਭਾਈ ਗਜਿੰਦਰ ਸਿੰਘ ਨਮਿਤ ਸ਼ਰਧਾਜਲੀ ਸਮਾਗਮ ਆਯੋਜਤ

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਪੰਥਕ ਸੰਘਰਸ਼ ਦੇ ਉਹ ਯੋਧੇ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਕੌਮ ਦੇ ਲੇਖੇ ਲਾਇਆ।

Reported by:  PTC News Desk  Edited by:  Amritpal Singh -- July 13th 2024 01:23 PM
ਸ਼੍ਰੋਮਣੀ ਕਮੇਟੀ ਵੱਲੋਂ ਜਲਾਵਨ ਸਿੰਘ ਭਾਈ ਗਜਿੰਦਰ ਸਿੰਘ ਨਮਿਤ ਸ਼ਰਧਾਜਲੀ ਸਮਾਗਮ ਆਯੋਜਤ

ਸ਼੍ਰੋਮਣੀ ਕਮੇਟੀ ਵੱਲੋਂ ਜਲਾਵਨ ਸਿੰਘ ਭਾਈ ਗਜਿੰਦਰ ਸਿੰਘ ਨਮਿਤ ਸ਼ਰਧਾਜਲੀ ਸਮਾਗਮ ਆਯੋਜਤ

ਅੰਮ੍ਰਿਤਸਰ- ਦਲ ਖ਼ਾਲਸਾ ਦੇ ਮੋਢੀ ਆਗੂ ਭਾਈ ਗਜਿੰਦਰ ਸਿੰਘ ਜੋ ਬੀਤੇ ਦਿਨੀਂ ਪਾਕਿਸਤਾਨ ਅੰਦਰ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਲ ਖ਼ਾਲਸਾ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਥਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਪੰਥਕ ਸੰਘਰਸ਼ ਦੇ ਉਹ ਯੋਧੇ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਕੌਮ ਦੇ ਲੇਖੇ ਲਾਇਆ। ਉਨ੍ਹਾਂ ਕਿਹਾ ਕਿ ਭਾਈ ਗਜਿੰਦਰ ਸਿੰਘ ਨੇ ਜਲਾਵਤਨੀ ਭਰੀ ਜ਼ਿੰਦਗੀ ਵਿਚ ਰਹਿੰਦਿਆਂ ਵੀ ਕੌਮੀ ਅਜ਼ਾਦੀ ਦੇ ਸੰਘਰਸ਼ ਪ੍ਰਤੀ ਆਪਣੀ ਦ੍ਰਿੜ੍ਹਤਾ ਤੇ ਸਮਰਪਣ ਭਾਵਨਾ ਨਾਲ ਸਮਝੌਤਾ ਨਹੀਂ ਕੀਤਾ ਅਤੇ ਉਹ ਪੰਥਕ ਸਿਧਾਂਤਾਂ ’ਤੇ ਪਹਿਰਾ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਕੌਮ ਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਸ ਦੇਸ਼ ਵਿਚ ਅਸੀਂ ਰਹਿ ਰਹੇ ਹਾਂ, ਉਥੋਂ ਦੀਆਂ ਸਰਕਾਰਾਂ ਨੇ ਕਦੇ ਵੀ ਸਾਡੇ ਹੱਕਾਂ ਦਾ ਖ਼ਿਆਲ ਨਹੀਂ ਕੀਤਾ। 1947 ਦੀ ਦੇਸ਼ ਵੰਡ ਤੋਂ ਬਾਅਦ ਸਾਨੂੰ ਜਰਾਇਮ ਪੇਸ਼ਾ ਕਿਹਾ ਗਿਆ ਅਤੇ ਅਜ਼ਾਦ ਖਿੱਤੇ ਦਾ ਕੀਤਾ ਵਾਅਦਾ ਵੀ ਪੂਰਾ ਨਹੀਂ ਕੀਤਾ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅੱਜ ਵੀ ਸਾਡੇ ਕਈ ਸੰਘਰਸ਼ੀ ਯੋਧੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਬੇਇਨਸਾਫ਼ੀ ਅੱਜ ਵੀ ਜਾਰੀ ਹੈ ਅਤੇ ਨਵੇਂ ਬਣਾਏ ਕਾਨੂੰਨਾਂ ਤਹਿਤ ਦੇਸ਼ ਧ੍ਰੋਹ ਦਾ ਪਹਿਲਾ ਪਰਚਾ ਵੀ ਸਿੱਖ ’ਤੇ ਹੀ ਦਰਜ ਕੀਤਾ ਗਿਆ ਹੈ। ਅਜਿਹੇ ਵਰਤਾਰੇ ਕਾਰਨ ਸਿੱਖਾਂ ਅੰਦਰ ਰੋਸ ਪੈਦਾ ਹੋਣਾ ਕੁਦਰਤੀ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਲਾਵਤਨੀ ਸਿੱਖ ਯੋਧੇ ਦਾ ਖਿਤਾਬ ਦਿੱਤਾ ਗਿਆ ਹੈ, ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਪ੍ਰੰਪਰਾਵਾਂ ਅਨੁਸਾਰ ਸਮਾਗਮ ਕਰਕੇ ਇਹ ਸਨਮਾਨ ਉਨ੍ਹਾਂ ਦੇ ਪਰਿਵਾਰ ਨੂੰ ਸੌਂਪਿਆ ਜਾਵੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਭਾਈ ਗਜਿੰਦਰ ਸਿੰਘ, ਭਾਈ ਹਰਦੀਪ ਸਿੰਘ ਨਿੱਝਰ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਲਈ ਕਾਰਵਾਈ ਕਰੇ।


ਇਸ ਮੌਕੇ ਦਲ ਖ਼ਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਗਜਿੰਦਰ ਸਿੰਘ ਕਿਸੇ ਇਕ ਜਥੇਬੰਦੀ ਦੇ ਨਹੀਂ, ਸਗੋਂ ਸਮੁੱਚੇ ਖਾਲਸਾ ਪੰਥ ਦੇ ਸਨ ਅਤੇ ਪੰਥ ਵੱਲੋਂ ਉਨ੍ਹਾਂ ਨੂੰ ਬਹੁਤ ਸਤਿਕਾਰ ਮਿਲਿਆ। ਭਾਈ ਗਜਿੰਦਰ ਸਿੰਘ ਨੇ 53 ਸਾਲ ਸੰਘਰਸ਼ ਦੇ ਲੇਖੇ ਲਾਏ ਅਤੇ ਅਨੇਕਾਂ ਤਸ਼ੱਦਦ ਝੱਲੇ। ਉਨ੍ਹਾਂ ਭਾਈ ਗਜਿੰਦਰ ਸਿੰਘ ਦੇ ਜੀਵਨ ਬਾਰੇ ਗੱਲ ਕਰਦਿਆਂ ਉਨ੍ਹਾਂ ਨੂੰ ਸਿੱਖ ਰਹਿਤ ਮਰਯਾਦਾ ਦਾ ਪਹਿਰੇਦਾਰ ਦੱਸਿਆ। ਉਨ੍ਹਾਂ ਸਮਾਗਮ ਵਿਚ ਪਹੁੰਚੀਆਂ ਸਮੁੱਚੀਆਂ ਜਥੇਬੰਦੀਆਂ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ਭਾਈ ਗਜਿੰਦਰ ਸਿੰਘ ਦੇ ਭਰਾ ਭਾਈ ਦਰਸ਼ਨ ਸਿੰਘ, ਸਪੁੱਤਰੀ ਬੀਬੀ ਬਿਕਰਮਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਦਿੱਤਾ।

ਸਮਾਗਮ ’ਚ ਸ਼ਾਮਲ ਹੋਣ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਗਜਿੰਦਰ ਸਿੰਘ ਨੂੰ ਸ਼ਰਧਾਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਸਿੱਖ ਕੌਮ ਨੂੰ ਸਮਰਪਿਤ ਜੀਵਨ ਦੀ ਸ਼ਲਾਘਾ ਕੀਤੀ। ਐਡਵੋਕੇਟ ਧਾਮੀ ਨੇ ਭਾਈ ਗਜਿੰਦਰ ਸਿੰਘ ਨੂੰ ਦ੍ਰਿੜ੍ਹ ਸ਼ਖ਼ਸੀਅਤ ਕਰਾਰ ਦਿੰਦਿਆਂ ਆਖਿਆ ਕਿ ਕਈ ਮੁਸੀਬਤਾਂ ਦੇ ਬਾਵਜੂਦ ਵੀ ਅਟੱਲ ਰਹੇ।

- PTC NEWS

Top News view more...

Latest News view more...

PTC NETWORK