ਭਾਰਤ 'ਚ ਕੋਰੋਨਾ ਐਕਟਿਵ ਕੇਸਾਂ ਦੀ ਦਰ 0.01 ਫ਼ੀਸਦੀ, ਵਿਸ਼ਵ ਦੇ ਮੁਕਾਬਲੇ ਕੇਸਾਂ 'ਚ ਭਾਰੀ ਕਮੀ
ਨਵੀਂ ਦਿੱਲੀ : ਭਾਰਤ ਵਿੱਚ ਕੋਵਿਡ -19 ਦੇ ਮਾਮਲੇ ਹੁਣ ਕਾਫੀ ਘੱਟਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਨਵੇਂ ਕੇਸਾਂ ਵਿੱਚ ਭਾਰੀ ਗਿਰਾਵਟ ਆਈ ਹੈ। ਦੂਜੇ ਪਾਸੇ ਰਿਕਵਰੀ ਦਰ ਵੱਧਣ ਨਾਲ ਐਕਟਿਵ ਕੇਸਾਂ ਵਿੱਚ ਵੀ ਕਮੀ ਆਈ ਹੈ। ਹੁਣ ਇਹ ਅੰਕੜਾ 3,490 ਤੱਕ ਪਹੁੰਚ ਗਿਆ ਹੈ। ਕੇਰਲ ਵਿੱਚ 1,448 ਐਕਟਿਵ ਕੇਸ ਹਨ ਜਦਕਿ ਕਰਨਾਟਕ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1,275 ਤੱਕ ਪਹੁੰਚ ਗਈ ਹੈ।
20 ਦਸੰਬਰ, 2022 ਨੂੰ ਸਵੇਰੇ ਅੱਠ ਵਜੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 112 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 19 ਦਸੰਬਰ ਨੂੰ 135 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 18 ਦਸੰਬਰ ਨੂੰ 176 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦਕਿ 01 ਨਵੰਬਰ ਨੂੰ 1,046 ਨਵੇਂ ਮਾਮਲੇ ਸਾਹਮਣੇ ਆਏ ਸਨ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਹੁਣ ਦੇਸ਼ 'ਚ ਐਕਟਿਵ ਕੇਸਾਂ ਦੀ ਦਰ 0.01 ਫੀਸਦੀ ਹੈ, ਜਦਕਿ ਰਿਕਵਰੀ ਰੇਟ 98.8 ਫੀਸਦੀ 'ਤੇ ਪਹੁੰਚ ਗਿਆ ਹੈ।
ਪਤਾ ਲੱਗਾ ਹੈ ਕਿ ਪਿਛਲੇ 24 ਘੰਟਿਆਂ ਵਿੱਚ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ, ਜਦਕਿ ਸਰਕਾਰ ਨੇ ਪਿਛਲੇ ਸਮੇਂ ਵਿੱਚ ਹੋਈਆਂ ਦੋ ਮੌਤਾਂ ਦੇ ਅੰਕੜੇ ਵੀ ਸਾਂਝੇ ਕੀਤੇ ਹਨ। ਪਿਛਲੇ 24 ਘੰਟਿਆਂ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 178 ਦੱਸੀ ਗਈ ਹੈ। ਜੇਕਰ ਦੇਖਿਆ ਜਾਵੇ ਤਾਂ ਕੇਰਲ ਵਿੱਚ ਸਭ ਤੋਂ ਵੱਧ 1,448 ਐਕਟਿਵ ਕੇਸ ਹਨ। ਇਸ ਤੋਂ ਬਾਅਦ ਕਰਨਾਟਕ ਵਿੱਚ 1,275, ਮਹਾਰਾਸ਼ਟਰ ਵਿੱਚ 145, ਓਡੀਸ਼ਾ ਵਿੱਚ 105 ਅਤੇ ਉੱਤਰ ਪ੍ਰਦੇਸ਼ ਵਿੱਚ 96 ਹਨ।
ਇਹ ਵੀ ਪੜ੍ਹੋ : ਧੁੰਦ ਦੀ ਚਿੱਟੀ ਚਾਦਰ ਤੇ ਸੀਤ ਲਹਿਰ ਨੇ ਜ਼ਿੰਦਗੀ ਦੀ ਰਫ਼ਤਾਰ ਕੀਤੀ ਹੌਲੀ
ਇਸ ਦੇ ਉਲਟ ਅਮਰੀਕਾ ਅਤੇ ਚੀਨ ਵਿਚ ਵੱਡੇ ਪੱਧਰ ਉਤੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। 14 ਦਸੰਬਰ ਨੂੰ ਚੀਨ 'ਚ 2 ਹਜ਼ਾਰ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ, ਜਦੋਂ ਕਿ 15 ਦਸੰਬਰ ਨੂੰ ਇਨ੍ਹਾਂ ਦੀ ਗਿਣਤੀ ਵਧ ਕੇ 2 ਹਜ਼ਾਰ 157 ਹੋ ਗਈ। ਦੂਜੇ ਪਾਸੇ ਅਮਰੀਕਾ ਵਿੱਚ ਪਿਛਲੇ 2 ਹਫ਼ਤਿਆਂ ਵਿੱਚ ਕੋਵਿਡ ਦੇ ਮਾਮਲੇ 56 ਫ਼ੀਸਦੀ ਦੀ ਦਰ ਨਾਲ ਵਧੇ ਹਨ। ਵੱਡੀ ਗਿਣਤੀ ਵਿਚ ਕੋਰੋਨਾ ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਹਨ।
ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਟਵੀਟ ਕਰਕੇ ਕਿਹਾ ਸੀ ਕਿ ਦੇਸ਼ ਵਿਚ ਕੋਰੋਨਾ ਦੇ ਕੇਸ ਵੱਧ ਰਹੇ ਹਨ ਪਰ ਉਨ੍ਹਾਂ ਨੇ ਕੋਰੋਨਾ ਨਾ ਨਜਿੱਠਣ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ। ਇਸ ਤੋਂ ਇਲਾਵਾ ਇਟਲੀ ਵਿਚ ਕੋਰੋਨਾ ਦੇ ਕੇਸਾਂ ਵਿਚ ਕਾਫੀ ਵਾਧਾ ਹੋ ਰਿਹਾ ਹੈ। ਜਿਸ ਕਾਰਨ ਉਥੇ ਸਰਕਾਰ ਦੀਆਂ ਚਿੰਤਾਵਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
- PTC NEWS