ਲਾਇਸੰਸੀ ਰਿਵਾਲਵਰ ਨਾਲ ਵਿਅਕਤੀ ਨੇ ਖ਼ੁਦ ਨੂੰ ਮਾਰੀ ਗੋਲ਼ੀ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਫਗਵਾੜਾ ਮਾਰਗ ਉਤੇ ਸਥਿਤ ਮੁਹੱਲਾ ਮਾਊਂਟ ਐਵੀਨਿਉ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਖ਼ੁਦ ਨੂੰ ਘਰ ਵਿਚ ਹੀ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਰਘੂਵੀਰ ਸਿੰਘ ਵਜੋਂ ਹੋਈ ਹੈ ਜੋ ਕਿ ਖੇਤੀਬਾੜੀ ਤੇ ਜ਼ਮੀਨਾਂ ਦੀ ਖ਼ਰੀਦੋ ਫ਼ਰੋਖਤ ਦਾ ਕੰਮ ਕਰਦਾ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਰਹੀਰਾਂ ਪੁਲਿਸ ਚੌਕੀ ਅਤੇ ਥਾਣਾ ਮਾਡਲ ਟਾਊਨ ਦੇ ਅਧਿਕਾਰੀ ਮੌਕੇ ਉਪਰ ਪਹੁੰਚ ਗਏ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਐਸਐਚਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੱਜ ਸਵੇਰੇ ਮੁਹੱਲਾ ਮਾਊਂਟ ਐਵੀਨਿਊ ਵਿਚ ਰਹਿੰਦੇ ਇਕ ਵਿਅਕਤੀ ਨੇ ਖ਼ੁਦ ਨੂੰ ਘਰ ਦੇ ਕਮਰੇ ਵਿਚ ਹੀ ਗੋਲ਼ੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ 24 ਘੰਟੇ ਫਸੇ ਰਹੇ ਮੁਸਾਫ਼ਰ, 150 ਯਾਤਰੀਆਂ ਵੱਲੋਂ ਹੰਗਾਮਾ
ਇਸ ਤੋਂ ਤੁਰੰਤ ਬਾਅਦ ਉਹ ਮੌਕੇ ਉਪਰ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਹੈ ਇਸ ਸਬੰਧੀ ਅਜੇ ਕੁਝ ਵੀ ਪਤਾ ਨਹੀਂ ਲੱਗਿਆ ਹੈ ਤੇ ਪਰਿਵਾਰ ਦੇ ਬਿਆਨ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
- PTC NEWS