ਆਟਾ ਚੱਕੀ ਦੇ ਮਾਲਕ ਨੂੰ ਮੋਟਰਸਾਈਕਲ ਸਵਾਰਾਂ ਨੇ ਮਾਰੀ ਗੋਲ਼ੀ, ਪੁਲਿਸ ਜਾਂਚ 'ਚ ਜੁਟੀ
ਅੰਮ੍ਰਿਤਸਰ : ਅੰਮ੍ਰਿਤਸਰ 'ਚ ਗੋਲ਼ੀਬਾਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਹ ਗੋਲੀਆਂ ਦੁਕਾਨਦਾਰ ਨੂੰ ਲੱਗੀਆਂ ਜੋ ਰਾਤ ਨੂੰ ਆਪਣੀ ਦੁਕਾਨ ਉਪਰ ਗਾਹਕ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ।
ਕਾਬਿਲੇਗੌਰ ਹੈ ਕਿ ਇਹ ਘਟਨਾ ਗੇਟ ਹਕੀਮਾਂ ਨੇੜੇ ਅਮਨ ਐਵੇਨਿਊ 'ਚ ਆਟੇ ਦੀ ਚੱਕੀ ਉਤੇ ਵਾਪਰੀ। ਰਾਤ ਕਰੀਬ 8.30 ਵਜੇ ਮਿੱਲ ਦਾ ਮਾਲਕ ਜਤਿੰਦਰ ਅਰੋੜਾ ਆਪਣੀ ਦੁਕਾਨ ਉਪਰ ਬੈਠਾ ਸੀ। ਉਦੋਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਉਤੇ ਆਏ ਅਤੇ ਦੁਕਾਨ ਵਿਚ ਵੜ ਕੇ ਇਕ ਨੇ ਪਿਸਤੌਲ ਕੱਢ ਕੇ ਫਾਇਰ ਕਰ ਦਿੱਤਾ।
ਉਸ ਨੇ ਗੋਲੀਆਂ ਸਿੱਧੀਆਂ ਪੱਟ ਵਿਚ ਮਾਰੀਆਂ ਅਤੇ ਉਥੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਲੋਕਾਂ ਨੇ ਜ਼ਖਮੀ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਜਤਿੰਦਰ ਨੂੰ ਅੰਮ੍ਰਿਤਸਰ ਦੇ ਮਹਾਜਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਵਿਵਾਦਾਂ 'ਚ ਘਿਰੀ ਭਾਰਤੀ ਆਈ ਡਰੌਪ ਕੰਪਨੀ, ਉਤਪਾਦਨ ਬੰਦ
ਫਿਲਹਾਲ ਉਸ ਦੀ ਹਾਲਤ ਸਥਿਰ ਹੈ। ਸੂਚਨਾ ਮਿਲਣ ਉਤੇ ਪੁਲਿਸ ਨੇ ਤੁਰੰਤ ਜਾਂਚ ਆਰੰਭ ਦਿੱਤੀ। ਇਸ ਮਾਮਲੇ ਉਤੇ ਗੱਲਬਾਤ ਕਰਦਿਆਂ ਡੀਸੀਪੀ ਕਾਨੂੰਨ ਵਿਵਸਥਾ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਪੁਲਿਸ ਦੀ ਮੁੱਢਲੀ ਜਾਂਚ ਵਿਚ ਦੁਸ਼ਮਣੀ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਕੋਈ ਫਿਰੌਤੀ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ।
- PTC NEWS