ਨੀਦਰਲੈਂਡ ਨੇ ਵੱਡਾ ਉਲਟਫੇਰ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਹਰਾਇਆ, ਭਾਰਤ ਸੈਮੀਫਾਈਨਲ 'ਚ ਪੁੱਜਾ
T20 World Cup SA vs NED : ਦੱਖਣੀ ਅਫਰੀਕਾ ਤੇ ਨੀਦਰਲੈਂਡ ਦਰਮਿਆਨ ਖੇਡੇ ਗਏ ਰੋਮਾਂਚਕ ਮੈਚ 'ਚ ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 13 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। ਇਸ ਹਾਰ ਨਾਲ ਦੱਖਣੀ ਅਫਰੀਕਾ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਸੁਪਰ ਸੰਡੇ ਦੇ ਪਹਿਲੇ ਮੈਚ ਦੇ ਨਤੀਜੇ ਨੇ ਭਾਰਤ ਨੂੰ ਸੈਮੀਫਾਈਨਲ 'ਚ ਪਹੁੰਚਾ ਦਿੱਤਾ ਹੈ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੀ ਹਾਰ ਨਾਲ ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਜਾਗ ਪਈਆਂ ਹਨ। ਹੁਣ ਬੰਗਲਾਦੇਸ਼ ਤੇ ਪਾਕਿਸਤਾਨ ਵਿਚਾਲੇ ਜੋ ਵੀ ਟੀਮ ਜਿੱਤੇਗੀ ਉਹ ਸਿੱਧੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਵੇਗੀ। ਇਸ ਮੈਚ ਤੋਂ ਬਾਅਦ ਭਾਰਤ ਗਰੁੱਪ-2 ਤੋਂ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਟੀ-20 ਵਿਸ਼ਵ ਕੱਪ ਦਾ 40ਵਾਂ ਮੈਚ ਦੱਖਣੀ ਅਫਰੀਕਾ ਅਤੇ ਨੀਦਰਲੈਂਡ ਵਿਚਾਲੇ ਖੇਡਿਆ ਗਿਆ। ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨੀਦਰਲੈਂਡ ਨੇ 20 ਓਵਰਾਂ 'ਚ ਚਾਰ ਵਿਕਟਾਂ 'ਤੇ 158 ਦੌੜਾਂ ਬਣਾਈਆਂ ਪਰ ਅਫਰੀਕੀ ਟੀਮ ਇਸ ਸਕੋਰ ਨੂੰ ਪਾਰ ਨਹੀਂ ਕਰ ਸਕੀ।
ਉਹ 20 ਓਵਰਾਂ 'ਚ ਅੱਠ ਵਿਕਟਾਂ 'ਤੇ 145 ਦੌੜਾਂ ਹੀ ਬਣਾ ਸਕੀ। ਹੈਰਾਨੀ ਦੀ ਗੱਲ ਹੈ ਕਿ ਦੱਖਣੀ ਅਫ਼ਰੀਕਾ ਦਾ ਕੋਈ ਵੀ ਬੱਲੇਬਾਜ਼ 30 ਦੌੜਾਂ ਤੋਂ ਵੱਧ ਨਹੀਂ ਬਣਾ ਸਕਿਆ। ਨੀਦਰਲੈਂਡ ਲਈ ਕੋਲਿਨ ਐਕਰਮੈਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 26 ਗੇਂਦਾਂ 'ਤੇ 41 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੂਜੇ ਪਾਸੇ ਦੱਖਣੀ ਅਫਰੀਕਾ ਲਈ ਕੇਸ਼ਵ ਮਹਾਰਾਜ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਮੁੱਖ ਮੰਤਰੀ ਹਿਮਾਚਲ ਤੇ ਗੁਜਰਾਤ ਘੁੰਮਣ ਦੀ ਬਜਾਏ ਪੰਜਾਬ ਦੀ ਸ਼ਾਂਤੀ ਵੱਲ ਧਿਆਨ ਦੇਣ : ਸੁਖਬੀਰ ਬਾਦਲ
- PTC NEWS