ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਮੀਂਹ ਤੇ ਬਰਫ਼ਬਾਰੀ ਦੀ ਕੀਤੀ ਭਵਿੱਖਬਾਣੀ
ਨਵੀਂ ਦਿੱਲੀ : ਉੱਤਰੀ ਭਾਰਤ ਵਿਚ ਮੌਸਮ ਇਕ ਵਾਰ ਮੁੜ ਕਰਵਟ ਲੈ ਲਈ ਹੈ। ਬਾਰਿਸ਼ ਤੇ ਠੰਢੀਆਂ ਹਵਾਵਾਂ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਰਾਜਧਾਨੀ ਦਿੱਲੀ ਸਮੇਤ ਗੰਗਾ ਦੇ ਮੈਦਾਨੀ ਇਲਾਕਿਆਂ 'ਚ ਸੂਰਜ ਤੇਜ਼ ਹੋ ਰਿਹਾ ਹੈ ਪਰ ਪੱਛਮੀ ਹਵਾਵਾਂ ਕਾਰਨ ਸਵੇਰੇ, ਸ਼ਾਮ ਤੇ ਰਾਤ ਨੂੰ ਠੰਢ ਦਾ ਅਸਰ ਬਰਕਰਾਰ ਹੈ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਮੁਤਾਬਕ ਪੱਛਮੀ ਹਿਮਾਲਿਆ ਤੱਕ ਪੱਛਮੀ ਗੜਬੜੀ ਪਹੁੰਚ ਗਈ ਹੈ। ਇਸ ਦੇ ਪ੍ਰਭਾਵ ਕਾਰਨ ਮੌਸਮ ਏਜੰਸੀ ਨੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।
ਦਿੱਲੀ-ਐੱਨ.ਸੀ.ਆਰ., ਯੂ.ਪੀ., ਬਿਹਾਰ ਤੇ ਰਾਜਸਥਾਨ ਸਮੇਤ ਕਈ ਸੂਬਿਆਂ 'ਚ ਤੇਜ਼ ਠੰਢੀਆਂ ਹਵਾਵਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 2 ਦਿਨਾਂ ਦੌਰਾਨ ਮੱਧ ਪ੍ਰਦੇਸ਼ ਤੇ ਓਡੀਸ਼ਾ ਦੇ ਅਲੱਗ-ਥਲੱਗ ਹਿੱਸਿਆਂ 'ਚ ਸੀਤ ਲਹਿਰ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਮੈਦਾਨੀ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿਚ ਮਾਮੂਲੀ ਵਾਧਾ ਹੋ ਸਕਦਾ ਹੈ। ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਉਮਰੀਆ, ਜਬਲਪੁਰ, ਬਾਲਾਘਾਟ, ਸਾਗਰ, ਭੋਪਾਲ ਅਤੇ ਰਾਜਗੜ੍ਹ ਵਿਚ ਸੀਤ ਲਹਿਰ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ : ਅਮੂਲ ਦੁੱਧ 3 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ
ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ ਅੱਜ ਜੰਮੂ-ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦਕਿ, ਇਸ ਹਫ਼ਤੇ ਦੌਰਾਨ ਅਰੁਣਾਚਲ ਪ੍ਰਦੇਸ਼, ਅੰਡੇਮਾਨ ਤੇ ਨਿਕੋਬਾਰ ਟਾਪੂਆਂ 'ਚ ਹਲਕੀ/ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੀਂਹ ਕਾਰਨ ਦੱਖਣੀ ਭਾਰਤ ਦੇ ਰਾਜਾਂ 'ਚ ਮਛੇਰਿਆਂ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ।
- PTC NEWS