Rail Roko Morcha postponed : ਮੰਗਾਂ ਮੰਨਣ ਦੇ ਐਲਾਨ ਪਿੱਛੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਮੋਰਚਾ ਮੁਲਤਵੀ
ਗੁਰਦਾਸਪੁਰ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿੱਢੇ ਗਏ ਰੇਲ ਰੋਕੋ ਸੰਘਰਸ਼ ਨੂੰ ਡਿਪਟੀ ਕਮਿਸ਼ਨਰ ਦੇ ਭਰੋਸੇ ਮਗਰੋਂ ਮੁਲਤਵੀ ਕਰ ਦਿੱਤਾ ਗਿਆ ਹੈ।
ਪ੍ਰਸ਼ਾਸਨ ਵੱਲੋਂ ਸੰਘਰਸ਼ ਕਮੇਟੀ ਦੀਆਂ ਮੰਗਾਂ ਉਤੇ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 22 ਫਰਵਰੀ ਤੋਂ ਸੜਕੀ ਪ੍ਰੋਜੈਕਟਾਂ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਵਾਜਿਬ ਭਾਅ, ਗੰਨੇ ਦੇ ਬਕਾਏ, ਪ੍ਰਦੂਸ਼ਣ, ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਅਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਰੇਲਵੇ ਸਟੇਸ਼ਨ ਉਪਰ ਸ਼ੁਰੂ ਕੀਤੇ ਗਏ ਰੇਲ ਰੋਕੋ ਮੋਰਚਾ ਗੁਰਦਾਸਪੁਰ ਤੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੇ ਭਰੋਸੇ ਮਗਰੋਂ ਮੁਲਤਵੀ ਕਰ ਦਿੱਤਾ ਗਿਆ ਹੈ।
ਪ੍ਰਸ਼ਾਸਨ ਨੇ ਸੰਘਰਸ਼ ਕਮੇਟੀ ਦੀਆਂ ਮੰਗਾਂ ਉਤੇ ਅਮਲ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪ੍ਰਸ਼ਾਸਨ ਅਨੁਸਾਰ ਜ਼ਿਲ੍ਹੇ ਦੇ 4 ਪਿੰਡਾਂ ਦਾ ਐਵਾਰਡ ਵਧਾ ਕੇ ਨਵੇਂ ਸਿਰਿਓਂ ਕੀਤਾ ਜਾਵੇਗਾ, ਜਿਸ ਦੇ ਨੋਟੀਫਿਕੇਸ਼ਨ 10 ਮਾਰਚ ਨੂੰ ਜਾਰੀ ਹੋਣਗੇ। ਇਸ ਦੇ ਆਧਾਰ ਉਤੇ ਹੀ ਐਕਵਾਇਰ ਕੀਤੀਆਂ ਜਾਣ ਵਾਲੀਆਂ ਬਾਕੀ ਜ਼ਮੀਨਾਂ ਦੇ ਮੁਆਵਜ਼ੇ ਦਿੱਤੇ ਜਾਣਗੇ।
ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਾਰੇ ਐਵਾਰਡ ਕਲੀਅਰ ਹੋ ਜਾਣ ਤੱਕ ਜ਼ਮੀਨਾਂ ਦੇ ਕਬਜ਼ੇ ਨਹੀਂ ਲਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਗੰਨੇ ਦੇ ਬਕਾਏ ਦੀ ਅਦਾਇਗੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਪਹਿਲੇ ਦਿਨ ਮੁਕੇਰੀਆਂ ਮਿੱਲ ਵੱਲੋਂ 3 ਕਰੋੜ, ਬੁੱਟਰ ਮਿੱਲ ਵੱਲੋਂ 2.80, ਕਿੜੀ ਮਿੱਲ ਵੱਲੋਂ 3 ਕਰੋੜ ਸਮੇਤ 12 ਕਰੋੜ ਰੁਪਏ ਜਾਰੀ ਕੀਤੇ ਗਏ ਤੇ ਭਰੋਸਾ ਦਿਵਾਇਆ ਗਿਆ ਕਿ ਰੋਜ਼ਾਨਾ ਇਸੇ ਤਰ੍ਹਾਂ ਪੈਸੇ ਪਾਏ ਜਾਣਗੇ।
ਸ਼ਹੀਦ ਪਰਿਵਾਰਾਂ ਨੂੰ 31 ਮਾਰਚ ਤੱਕ ਨੌਕਰੀ ਤੇ ਮੁਆਵਜ਼ੇ ਦੇ ਦਿੱਤੇ ਜਾਣਗੇ। ਮਸਾਣੀਆਂ ਪੋਲਟਰੀ ਫਾਰਮ ਤੇ ਪ੍ਰਦੂਸ਼ਣ ਵਿਭਾਗ ਦੇ ਚੇਅਰਮੈਨ ਵੱਲੋਂ 15 ਮਾਰਚ ਤੱਕ ਬਣਦੀ ਕਾਰਵਾਈ ਕਰਕੇ ਫੈਸਲੇ ਦੀ ਕਾਪੀ ਦੇ ਦਿੱਤੀ ਜਾਵੇਗੀ। ਇਸ ਮੌਕੇ ਐੱਸਐੱਸਪੀ ਗੁਰਦਾਸਪੁਰ ਦਿਹਾਤੀ ਹਰੀਸ਼ ਦਾਮਿਆ ਨੇ ਮੋਰਚੇ ਨੂੰ ਭਰੋਸਾ ਦਿਵਾਉਂਦੇ ਕਿਹਾ ਕਿ ਨਸ਼ੇ ਦੇ ਮੁੱਦੇ ਉਤੇ ਪੂਰੀ ਸਖ਼ਤੀ ਨਾਲ ਕੰਮ ਕੀਤਾ ਜਾਵੇਗਾ ਤੇ ਪਿੰਡ ਪੱਧਰ ਉਤੇ ਕੈਂਪ ਲਗਾ ਕੇ ਨਸ਼ੇ ਸਬੰਧੀ ਜਾਗ੍ਰਿਤੀ ਫੈਲਾਉਣ ਦਾ ਕੰਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : weather update : ਤਾਪਮਾਨ ਵਧਣ ਕਾਰਨ ਮਾਰਚ ਦੇ ਪਹਿਲੇ ਹਫ਼ਤੇ ਤੋਂ ਸਤਾਉਣ ਲੱਗੇਗੀ ਗਰਮੀ
ਨਸ਼ੇ ਵੇਚਣ ਵਾਲੇ ਅਨਸਰਾਂ ਦੀਆ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਆਗੂਆਂ ਨੇ ਕਿਹਾ ਕਿ ਜੇ ਭਰੋਸੇ ਅਨੁਸਾਰ ਦਿੱਤੇ ਸਮੇਂ ਅੰਦਰ ਮੰਗਾਂ ਉਤੇ ਅਮਲ ਨਹੀਂ ਹੁੰਦਾ ਤਾਂ 2 ਅਪ੍ਰੈਲ ਨੂੰ ਬਟਾਲਾ ਸਟੇਸ਼ਨ ਉਪਰ ਦੁਬਾਰਾ ਰੇਲ ਰੋਕੋ ਮੋਰਚਾ ਸ਼ੁਰੂ ਕਰਨਗੇ।
- PTC NEWS