HIV ਪੀੜਤ ਔਰਤ ਕਈ ਘੰਟੇ ਜਣੇਪਾ ਦਰਦ ਨਾਲ ਰਹੀ ਤੜਫਦੀ, ਡਾਕਟਰਾਂ ਨੇ ਛੂਹਣ ਤੋਂ ਕੀਤਾ ਇਨਕਾਰ, ਨਵਜੰਮੇ ਦੀ ਮੌਤ
ਫ਼ਿਰੋਜ਼ਾਬਾਦ : ਸਰਕਾਰਾਂ ਵੱਲੋਂ ਏਡਜ਼ ਪੀੜਤਾਂ ਨੂੰ ਆਮ ਜੀਵਨ ਜਿਉਣ ਲਈ ਤੇ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਲਈ ਕਈ ਤਰ੍ਹਾਂ ਜਾਗਰੂਕ ਪ੍ਰੋਗਰਾਮ ਤੇ ਉਪਰਾਲੇ ਕੀਤੇ ਜਾਂਦੇ ਹਨ ਪਰ ਹਕੀਕਤ ਇਸ ਤੋਂ ਕੋਹਾਂ ਦੂਰ ਜਾਪਦੀ ਨਜ਼ਰ ਆ ਰਹੀ ਹੈ। ਯੂਪੀ ਦੇ ਇਕ ਸ਼ਹਿਰ ਤੋਂ ਅਜਿਹੀ ਘਟਨਾ ਸਾਹਮਣੇ ਆਈ, ਜਿਸ ਨੇ ਹਰ ਦੇਖਣ ਤੇ ਸੁਣਨ ਵਾਲੇ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਏਡਜ ਮਰੀਜ਼ਾਂ ਪ੍ਰਤੀ ਸਮਾਜ ਦੀ ਜਾਗਰੂਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਡਾਕਟਰ ਵੀ ਐੱਚਆਈਵੀ ਪਾਜ਼ੇਟਿਵ ਲੋਕਾਂ ਨੂੰ ਛੂਹਣ ਤੋਂ ਇਨਕਾਰ ਕਰ ਰਹੇ ਹਨ। ਉਹ ਵੀ ਫਰਜ਼ੀ ਡਾਕਟਰ ਨਹੀਂ ਸਗੋਂ ਸਰਕਾਰੀ ਮੈਡੀਕਲ ਕਾਲਜ ਦਾ ਡਾਕਟਰ ਹੈ। ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਮੈਡੀਕਲ ਕਾਲਜ 'ਚ ਜਣੇਪੇ ਲਈ ਆਈ ਇੱਕ ਔਰਤ ਨੂੰ ਡਾਕਟਰਾਂ ਨੇ ਘੰਟਿਆਂ ਤੱਕ ਛੂਹਿਆ ਹੀ ਨਹੀਂ ਕਿਉਂਕਿ ਉਹ ਐੱਚ.ਆਈ.ਵੀ. ਪੀੜਤ ਸੀ। ਇਸ ਲਾਪਰਵਾਹੀ ਕਾਰਨ ਔਰਤ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿੱਤੇ ਹਨ।
20 ਸਾਲਾ ਔਰਤ ਨੂੰ ਸੋਮਵਾਰ ਦੁਪਹਿਰ ਨੂੰ ਉਸ ਦੇ ਮਾਪਿਆਂ ਨੇ ਮੈਡੀਕਲ ਕਾਲਜ ਹਸਪਤਾਲ ਲਿਆਂਦਾ। ਔਰਤ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਉਹ ਪਹਿਲਾਂ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ ਸਨ ਉੱਥੇ ਉਸ ਨੂੰ ਦੱਸਿਆ ਗਿਆ ਕਿ ਔਰਤ ਦੀ ਹਾਲਤ ਗੰਭੀਰ ਹੈ ਅਤੇ ਆਪ੍ਰੇਸ਼ਨ ਲਈ 20,000 ਰੁਪਏ ਦੀ ਮੰਗ ਕੀਤੀ ਗਈ। ਉਨ੍ਹਾਂ ਕੋਲ ਪੈਸੇ ਨਹੀਂ ਸਨ, ਇਸ ਲਈ ਉਹ ਉਸ ਨੂੰ ਮੈਡੀਕਲ ਕਾਲਜ ਲੈ ਆਏ ਪਰ ਇੱਥੇ ਡਾਕਟਰਾਂ ਨੇ ਉਸ ਦੀ ਧੀ ਨੂੰ ਹੱਥ ਤੱਕ ਨਹੀਂ ਲਾਇਆ। ਉਹ ਬੈੱਡ 'ਤੇ ਪਈ ਦਰਦ ਨਾਲ ਤੜਫ ਰਹੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਮੈਡਮ (ਹਸਪਤਾਲ ਦੀ ਇੰਚਾਰਜ) ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਆ ਕੇ ਦਖ਼ਲ ਦਿੱਤਾ ਤੇ ਫਿਰ ਸ਼ਾਮ ਨੂੰ ਆਪ੍ਰੇਸ਼ਨ ਹੋਇਆ।
ਉਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਛੇ ਘੰਟਿਆਂ ਤੋਂ ਔਰਤ ਨੂੰ ਜਣੇਪੇ ਦੀ ਦਰਦ ਸੀ। ਕੋਈ ਵੀ ਡਾਕਟਰ ਉਸ ਨੂੰ ਹੱਥ ਲਾਉਣ ਲਈ ਤਿਆਰ ਨਹੀਂ ਸੀ। ਮਹਿਲਾ ਦੇ ਪਰਿਵਾਰ ਸਮੇਤ ਹਸਪਤਾਲ ਪੁੱਜੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਨਾਲ ਜੁੜੇ ਇਕ ਐਨਜੀਓ ਦੇ ਫੀਲਡ ਅਧਿਕਾਰੀ ਨੇ ਵੀ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ ਔਰਤ ਨੂੰ ਦੁਪਹਿਰ 3 ਵਜੇ ਦਾਖ਼ਲ ਕਰਵਾਇਆ ਗਿਆ ਸੀ। ਜਦੋਂ ਉਸ ਨੂੰ ਸਟਰੇਚਰ 'ਤੇ ਬਿਠਾਇਆ ਤਾਂ ਕਿਸੇ ਵੀ ਸਟਾਫ ਨੇ ਉਸ ਨੂੰ ਛੂਹਿਆ ਜਾਂ ਕੋਈ ਟੈਸਟ ਨਹੀਂ ਕੀਤਾ। ਔਰਤ ਰਾਤ 9 ਵਜੇ ਤੱਕ ਦਰਦ ਨਾਲ ਤੜਫਦੀ ਰਹੀ, ਫਿਰ ਵੀ ਕਿਸੇ ਨੇ ਉਸ ਨੂੰ ਹੱਥ ਨਹੀਂ ਲਾਇਆ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਇਕਤਰਫਾ ਪ੍ਰੇਮ ਸਬੰਧਾਂ ਦੇ ਚਲਦਿਆਂ ਕੁੜੀ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ
ਹਸਪਤਾਲ ਦੀ ਇੰਚਾਰਜ ਸੰਗੀਤਾ ਅਨੇਜਾ (ਜੋ ਕਿ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਵੀ ਹੈ) ਦਾ ਦਾਅਵਾ ਹੈ ਕਿ ਡਾਕਟਰਾਂ ਨੂੰ ਮਰੀਜ਼ ਦੀ ਐੱਚਆਈਵੀ ਸਥਿਤੀ ਬਾਰੇ ਉਸ ਦੇ ਪਰਿਵਾਰ ਜਾਂ ਕਿਸੇ ਹੋਰ ਵੱਲੋਂ ਸੂਚਿਤ ਨਹੀਂ ਕੀਤਾ ਗਿਆ ਸੀ। ਸੰਗੀਤਾ ਅਨੇਜਾ ਨੇ ਦੱਸਿਆ ਮਰੀਜ਼ ਦੁਪਹਿਰ 3 ਵਜੇ ਦੇ ਕਰੀਬ ਆਇਆ। ਮਰੀਜ਼ ਦੇ ਨਾਲ ਆਏ ਲੋਕਾਂ ਨੇ ਡਾਕਟਰਾਂ ਜਾਂ ਕਿਸੇ ਨੂੰ ਇਹ ਨਹੀਂ ਦੱਸਿਆ ਸੀ ਕਿ ਉਸ ਨੂੰ ਏਡਜ਼ ਹੈ। ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਔਰਤ ਦਾ ਇੱਕ ਰੈਗੂਲਰ ਮਰੀਜ਼ ਵਾਂਗ ਟੈਸਟ ਕੀਤਾ ਗਿਆ ਸੀ, ਕਿਉਂਕਿ ਉਨ੍ਹਾਂ ਨੂੰ ਉਸ ਦੀ ਐੱਚਆਈਵੀ ਸਥਿਤੀ ਬਾਰੇ ਪਤਾ ਨਹੀਂ ਸੀ। ਉਨ੍ਹਾਂ ਨੂੰ ਸ਼ਾਮ 4 ਵਜੇ ਦੇ ਕਰੀਬ ਔਰਤ ਬਾਰੇ ਪਤਾ ਲੱਗਾ ਤੇ ਉਸ ਤੋਂ ਬਾਅਦ ਡਾਕਟਰ ਹਰ ਸਮੇਂ ਮੌਜੂਦ ਸਨ। ਡਿਲੀਵਰੀ ਸਵੇਰੇ 9 ਵਜੇ ਦੇ ਕਰੀਬ ਹੋਈ। ਜੇ ਕਿਸੇ ਨੇ ਟੈਸਟ ਰਿਪੋਰਟਾਂ ਆਉਣ 'ਤੇ ਕੁਝ ਗਲਤ ਕੀਤਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ।
- PTC NEWS