ਸਰਦੀ ਦਾ ਕਹਿਰ ਬਰਕਰਾਰ, ਫ਼ਸਲਾਂ ਲਈ ਠੰਢ ਲਾਹੇਵੰਦ ਹੋਣ ਕਾਰਨ ਕਿਸਾਨਾਂ ਦੇ ਖਿੜੇ ਚਿਹਰੇ
ਚੰਡੀਗੜ੍ਹ : ਅੱਜ ਸਵੇਰੇ ਪੰਜਾਬ ਵਿਚ ਠੰਢ ਦਾ ਕਹਿਰ ਜਾਰੀ ਹੈ ਹਾਲਾਂਕਿ ਬੀਤੇ ਦਿਨਾਂ ਦੇ ਮੁਕਾਬਲੇ ਲੋਕਾਂ ਨੂੰ ਹਲਕੀ ਜਿਹੀ ਠੰਢ ਤੇ ਧੁੰਦ ਤੋਂ ਰਾਹਤ ਮਿਲੀ ਹੈ। ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਸਵੇਰ ਸਮੇਂ ਧੁੰਦ ਕਾਰਨ ਆਵਾਜਾਈ ਦੀ ਰਫ਼ਤਾਰ ਹੌਲੀ ਹੋ ਗਈ। ਇਸ ਤੋਂ ਇਲਾਵਾ ਰੇਲ ਆਵਾਜਾਈ ਉਤੇ ਵੀ ਕਾਫੀ ਪ੍ਰਭਾਵ ਪਿਆ। ਅੱਜ 32 ਰੇਲਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਹਾਈਵੇ ਉਤੇ ਵਾਹਨ ਚਾਲਕ ਲਾਈਟ ਜਗਾ ਕੇ ਆਪਣੀ ਮੰਜ਼ਿਲ ਵੱਲ ਵਧਦੇ ਦੇਖੇ ਗਏ।
ਉਡਾਣਾਂ ਹੋਈਆਂ ਰੱਦ
ਧੁੰਦ ਕਾਰਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੰਡੀਗੜ੍ਹ ਆਉਣ-ਜਾਣ ਵਾਲੀਆਂ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦੋਂ ਕਿ ਚਾਰ ਉਡਾਣਾਂ ਦੇਰੀ ਨਾਲ ਚੱਲੀਆਂ। ਹਵਾਈ ਅੱਡੇ ਦੇ ਸੀਈਓ ਰਾਕੇਸ਼ ਰੰਜਨ ਸਹਾਏ ਨੇ ਕਿਹਾ ਕਿ ਰੱਦ ਕੀਤੀਆਂ ਗਈਆਂ ਚਾਰ ਉਡਾਣਾਂ ਦੂਜੇ ਰਾਜਾਂ ਤੋਂ ਆਉਣੀਆਂ ਸਨ ਜਿੱਥੇ ਮੌਸਮ ਖ਼ਰਾਬ ਸੀ। ਰੱਦ ਕੀਤੀਆਂ ਉਡਾਣਾਂ ਵਿੱਚ 6E6245/2177 ਚੰਡੀਗੜ੍ਹ-ਦਿੱਲੀ, 6E2452 ਚੰਡੀਗੜ੍ਹ-ਅਹਿਮਦਾਬਾਦ, 6E242/971 ਚੰਡੀਗੜ੍ਹ-ਪੁਣੇ, ਅਤੇ 6E6633/6634 ਚੰਡੀਗੜ੍ਹ-ਬੈਂਗਲੁਰੂ ਸ਼ਾਮਲ ਹਨ।
ਆਮ ਲੋਕਾਂ ਲਈ ਜਿੱਥੇ ਠੰਢ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ ਅਤੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਠੰਢ ਤੇ ਧੁੰਦ ਫ਼ਸਲਾਂ ਲਈ ਲਾਹੇਵੰਦ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੂੰ ਚੰਗਾ ਝਾੜ ਮਿਲਣ ਦੀ ਉਮੀਦ ਵੀ ਹੈ। ਭਾਵੇਂ ਕਿ ਪਿਛਲੇ ਸਾਲ ਠੰਢ ਘੱਟ ਪੈਣ ਕਾਰਨ ਕਣਕ ਦਾ ਝਾੜ ਘੱਟ ਨਿਕਲਿਆ ਸੀ। ਮੌਸਮ ਵਿਭਾਗ ਅਨੁਸਾਰ ਅੱਜ ਭਾਵੇਂ ਕਿ ਬਠਿੰਡਾ ਇਲਾਕੇ ਵਿੱਚ ਹਲਕੀ ਠੰਢ ਜ਼ਰੂਰ ਹੈ ਪਰ ਧੁੰਦ ਅਤੇ ਕੜਾਕੇ ਦੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।
- PTC NEWS