ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, ਜਨਜੀਵਨ ਹੋਇਆ ਪ੍ਰਭਾਵਿਤ
ਚੰਡੀਗੜ੍ਹ : ਪੰਜਾਬ ਵਿਚ ਸੰਘਣੀ ਧੁੰਦ ਤੇ ਠੰਢ ਦਾ ਕਹਿਰ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਅਗਲੇ ਤਿੰਨ-ਚਾਰ ਦਿਨ ਮੌਸਮ ਇਸ ਤਰ੍ਹਾਂ ਦੀ ਰਹੇਗਾ। ਮੰਗਲਵਾਰ ਨੂੰ ਸਵੇਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਠਿੰਡਾ ਜ਼ਿਲ੍ਹੇ ਵਿਚ ਤਾਪਮਾਨ ਵਿਚ ਭਾਰੀ ਗਿਰਾਵਟ ਨਜ਼ਰ ਆਈ। ਬਠਿੰਡਾ ਜ਼ਿਲ੍ਹੇ ਵਿਚ ਬੀਤੇ ਦਿਨ ਠੰਢ ਕਾਰਨ ਇਕ ਵਿਅਕਤੀ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਮੌਸਮ ਵਿਭਾਗ ਤੇ ਸਿਹਤ ਵਿਭਾਗ ਵੱਲੋਂ ਨੂੰ ਠੰਢ ਵਿਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸੰਘਣੀ ਧੁੰਦ ਕਾਰਨ ਆਵਾਜਾਈ ਉਤੇ ਵੀ ਕਾਫੀ ਪ੍ਰਭਾਵ ਪਿਆ। ਰੇਲਗੱਡੀਆਂ ਅਤੇ ਹਵਾਈ ਉਡਾਨਾਂ ਵਿਚ ਕਾਫੀ ਦੇਰੀ ਹੋ ਰਹੀ ਹੈ।
ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰਾ ਉੱਤਰੀ ਭਾਰਤ ਸੀਤ ਲਹਿਰ ਤੇ ਸੰਘਣੀ ਧੁੰਦ ਦੀ ਲਪੇਟ 'ਚ ਹੈ। ਦਿੱਲੀ-ਐੱਨਸੀਆਰ 'ਚ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਿਆ। ਦਿੱਲੀ 'ਚ ਮੰਗਲਵਾਰ ਸਵੇਰੇ ਸੀਤ ਲਹਿਰ ਜਾਰੀ ਰਹਿਣ ਕਾਰਨ ਸੰਘਣੀ ਧੁੰਦ ਦੇਖਣ ਨੂੰ ਮਿਲੀ। ਨਾਲ ਹੀ ਘੱਟੋ-ਘੱਟ ਤਾਪਮਾਨ ਸੱਤ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਤਾਪਮਾਨ 'ਚ ਕੋਈ ਖਾਸ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ।
ਨਵੇਂ ਸਾਲ ਤੱਕ ਤਾਪਮਾਨ ਵਿਚ ਇਸੇ ਤਰ੍ਹਾਂ ਉਤਰਾਅ-ਚੜ੍ਹਾਅ ਜਾਰੀ ਰਹੇਗਾ। ਦੋ ਦਿਨਾਂ ਤੱਕ ਸੀਤ ਲਹਿਰ ਅਤੇ ਠੰਢ ਦਾ ਕਹਿਰ ਜਾਰੀ ਰਹੇਗਾ। ਇਸ ਦੇ ਨਾਲ ਹੀ ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ 'ਚ ਤਾਪਮਾਨ ਜ਼ੀਰੋ ਤੋਂ ਹੇਠਾਂ ਰਿਹਾ।
ਕਈ ਇਲਾਕਿਆਂ ਵਿੱਚ ਜਲ ਸਪਲਾਈ ਲਾਈਨਾਂ ਅਤੇ ਡਲ ਝੀਲ ਦੇ ਅੰਦਰੂਨੀ ਹਿੱਸੇ ਵੀ ਜੰਮ ਗਏ ਹਨ। ਪਹਾੜਾਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਲੋਕ ਠੰਢ ਨਾਲ ਕੰਬ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ ਦਬੋਚਿਆ ਦੇਹਰਾਦੂਨ ਦਾ ਫੈਕਟਰੀ ਮਾਲਕ, ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ
- PTC NEWS