ਸਹਾਇਕ ਲਾਈਨਮੈਨਾਂ ਨੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਕੀਤੀ ਮੰਗ
ਸੰਗਰੂਰ : ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਸੂਬਾ ਪ੍ਰਧਾਨ ਰਾਕੇਸ਼ ਕੁਮਾਰ ਤੇ ਮੀਤ ਪ੍ਰਧਾਨ ਪਵਿੱਤਰ ਸਿੰਘ ਦੀ ਅਗਵਾਈ ਵਿੱਚ ਬਨਾਸਰ ਬਾਗ ਦੇ ਪਾਰਕ ਸੰਗਰੂਰ ਵਿਖੇ ਹੋਈ। ਮੀਟਿੰਗ ਵਿੱਚ ਸੰਗਰੂਰ, ਸੁਨਾਮ, ਧੂਰੀ, ਮੂਣਕ, ਦਿੜ੍ਹਬਾ, ਬਰਨਾਲਾ, ਨਾਭਾ, ਲਹਿਰਾਗਾਗਾ ਤੋਂ ਆਏ ਸਾਥੀਆਂ ਨੂੰ ਸੂਬਾ ਪ੍ਰਧਾਨ ਨੇ ਸੰਬੋਧਨ ਕਰਦਿਆ ਕਿਹਾ ਕਿ ਅਪ੍ਰੈਂਟਿਸ ਲਾਈਨਮੈਨ ਯੂਨੀਅਨ(ਪੰਜਾਬ) ਵੱਲੋਂ ਸਹਾਇਕ ਲਾਈਨਮੈਨ ਦੀਆਂ ਪੋਸਟਾਂ ਵਿੱਚ ਵਾਧਾ ਅਤੇ ਹੋਰ ਮੰਗਾਂ ਨੂੰ ਲੈ ਕੇ 27 ਜੁਲਾਈ ਤੋਂ ਲੈ ਕੇ 8 ਅਕਤੂਬਰ 2022 ਤੱਕ ਪਾਵਰਕਾਮ ਦੇ ਮੁੱਖ ਦਫ਼ਤਰ ਪਟਿਆਲਾ ਸਾਹਮਣੇ ਪੱਕਾ ਧਰਨਾ ਲਗਾਇਆ ਗਿਆ ਸੀ ਅਤੇ ਸੰਘਰਸ਼ ਦੀ ਬਦੌਲਤ ਆਖਿਰ ਯੂਨੀਅਨ ਦੀ ਮੀਟਿੰਗ 7 ਅਕਤੂਬਰ 2022 ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਸੁਖਾਵੇਂ ਮਾਹੌਲ ਵਿੱਚ ਹੋਈ ਸੀ।
ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ 1690 ਸਹਾਇਕ ਲਾਇਨਮੈਨਾਂ ਦੀਆਂ ਪੋਸਟਾਂ ਨੂੰ ਵਧਾ ਕੇ 2100 ਕਰ ਦਿੱਤਾ ਗਿਆ ਸੀ ਅਤੇ ਯੂਨੀਅਨ ਦੀਆਂ ਹੋਰ ਮੰਗਾਂ ਵੀ ਮੰਨ ਲਈਆਂ ਸਨ । ਉਸ ਤੋਂ ਬਾਅਦ ਯੂਨੀਅਨ ਵੱਲੋਂ 8 ਅਕਤੂਬਰ 2022 ਨੂੰ ਧਰਨਾ ਸਮਾਪਤ ਕਰ ਦਿੱਤਾ ਗਿਆ ਸੀ।
ਮੀਟਿੰਗ ਵਿੱਚ ਪਟਿਆਲੇ ਸੰਘਰਸ਼ ਦੌਰਾਨ ਆਪਣਾ ਯੋਗਦਾਨ ਪਾਉਣ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਨਿਯੁਕਤੀ ਪੱਤਰ ਮਿਲਣ ਤੱਕ ਸੰਘਰਸ਼ ਨੂੰ ਲਾਮਬੰਦ ਕੀਤਾ ਗਿਆ। ਅੰਤ ਵਿੱਚ ਪਵਿੱਤਰ ਸਿੰਘ ਸੰਗਤਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ 2100 ਸਹਾਇਕ ਲਾਈਨਮੈਨਾਂ ਦੀ ਭਰਤੀ ਬਿਨਾਂ ਦੇਰੀ ਦੇ ਜ਼ਲਦੀ ਮੁਕੰਮਲ ਕਰਕੇ ਨਿਯੁਕਤੀ ਪੱਤਰ ਦੇਵੇ ਤਾਂ ਜੋ ਕਿ ਪੰਜਾਬ ਦੇ ਬੇਰੁਜਗਾਰਾਂ ਨੂੰ ਰੁਜ਼ਗਾਰ ਮਿਲ ਸਕੇ।