ਚੰਡੀਗੜ੍ਹ, 10 ਦਸੰਬਰ: ਚੰਡੀਗੜ੍ਹ-ਅੰਬਾਲਾ ਹਾਈਵੇਅ 'ਤੇ ਲਾਲੜੂ ਨੇੜੇ ਸਵੇਰੇ 8 ਵਜੇ ਦੇ ਕਰੀਬ ਮਿਆਦ ਪੁੱਗ ਚੁੱਕੀਆਂ ਦਵਾਈਆਂ ਅਤੇ ਸੈਨੀਟਾਈਜ਼ਰ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ 'ਚ ਜੁੱਟ ਗਈਆਂ। ਇਸ ਦੌਰਾਨ ਹਾਈਵੇਅ ਦੇ ਦੋਵੇਂ ਪਾਸੇ ਜਾਮ ਲੱਗ ਗਿਆ ਅਤੇ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ਤੋਂ ਟਰੱਕ ਡਰਾਈਵਰ ਅਤੇ ਕਲੀਨਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉੱਥੋਂ ਦੀ ਇੱਕ ਕੰਪਨੀ ਤੋਂ ਮਿਆਦ ਪੁੱਗ ਚੁੱਕੀਆਂ ਦਵਾਈਆਂ, ਸੈਨੇਟਾਈਜ਼ਰ ਅਤੇ ਹੋਰ ਉਤਪਾਦ ਲੈ ਕੇ ਹਰਿਆਣਾ ਵਿੱਚ ਨਸ਼ਟ ਕਰਨ ਲਈ ਹਿਸਾਰ ਲਿਆਂਦਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਸਵੇਰੇ 8 ਵਜੇ ਦੇ ਕਰੀਬ ਝਰਮਲ ਨਦੀ ਦੇ ਪੁਲ ਨੇੜੇ ਪਹੁੰਚੇ ਤਾਂ ਇੱਕ ਬੱਸ ਚਾਲਕ ਨੇ ਉਸ ਨੂੰ ਦੱਸਿਆ ਕਿ ਟਰੱਕ ਨੂੰ ਅੱਗ ਲੱਗੀ ਹੋਈ ਹੈ। ਉਨ੍ਹਾਂ ਦਾ ਕਹਿਣਾ ਸੀ ਕਈ ਇਹ ਅੱਗ ਕਿਵੇਂ ਲੱਗੀ ਇਸਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਕੁਝ ਹੀ ਦੇਰ 'ਚ ਟਰੱਕ ਅੱਗ ਦੀ ਲਪੇਟ 'ਚ ਆ ਗਿਆ ਅਤੇ ਭਾਰੀ ਮਾਤਰਾ 'ਚ ਮੌਜੂਦ ਸੈਨੀਟਾਈਜ਼ਰ ਕਾਰਨ ਅੱਗ ਭਿਆਨਕ ਰੂਪ ਨਾਲ ਵੱਧ ਗਈ। ਟਰੱਕ ਵਿੱਚ ਰੱਖੇ ਛੋਟੇ ਡਰੰਮਾਂ ਵਿੱਚ ਵੀ ਅੱਗ ਲੱਗਣ ਕਾਰਨ ਧਮਾਕੇ ਹੋਣ ਦੀ ਕਾਫ਼ੀ ਗੁੰਜਾਇਸ਼ ਬਣੀ ਰਹੀ ਤੇ ਕਈਆਂ 'ਚ ਛੋਟੇ ਮੋਟੇ ਧਮਾਕੇ ਵੀ ਹੋਏ। ਇਸ ਦੌਰਾਨ ਅੱਗ ਦੀਆਂ ਲਪਟਾਂ ਨੂੰ ਦੇਖ ਕੇ ਹਾਈਵੇਅ ਦੇ ਦੋਵੇਂ ਪਾਸੇ ਤੋਂ ਲੰਘ ਰਹੇ ਵਾਹਨ ਚਾਲਕਾਂ ਨੇ ਆਪਣੇ ਵਾਹਨ ਰੋਕ ਲਏ। ਇਹ ਵੀ ਪੜ੍ਹੋ: ਸਰਕਾਰ ਖ਼ਿਲਾਫ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਦਾ ਹੱਲਾ ਬੋਲ, ਸੰਘਰਸ਼ ਦੀ ਚਿਤਾਵਨੀਇਸ ਕਾਰਨ ਦੋਵੇਂ ਪਾਸੇ ਲੰਮਾ ਜਾਮ ਲੱਗ ਗਿਆ। ਕੁਝ ਸਾਮਾਨ ਨੂੰ ਅੱਗ ਤੋਂ ਬਚਾਉਣ ਲਈ ਜੇਸੀਬੀ ਮਸ਼ੀਨ ਬੁਲਾ ਕੇ ਸਾਮਾਨ ਨੂੰ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਕਈ ਘੰਟੇ ਤੱਕ ਜੱਦੋਜਹਿਦ ਕਰਦੇ ਰਹੇ।