ਤਰਨਤਾਰਨ ਦੇ ਡੀਸੀ ਦਾ ਪੀਏ ਰਿਸ਼ਵਤ ਲੈਂਦਾ ਕਾਬੂ, ਕੰਪਿਊਟਰ ਆਪਰੇਟਰ ਵੀ ਫੜਿਆ
Punjab News: ਵਿਜੀਲੈਂਸ ਬਿਊਰੋ ਦੀ ਟੀਮ ਨੇ ਤਰਨਤਾਰਨ ਜ਼ਿਲ੍ਹੇ ਦੇ ਡੀਸੀ ਦੇ ਪੀਏ ਹਰਮਨਦੀਪ ਸਿੰਘ ਅਤੇ ਚੋਣ ਵਿਭਾਗ ਦੇ ਡਾਟਾ ਐਂਟਰੀ ਆਪਰੇਟਰ ਜਗਰੂਪ ਸਿੰਘ ਨੂੰ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਤਰਨਤਾਰਨ ਵਿੱਚ ਲਗਾਏ ਗਏ ਕੈਮਰਿਆਂ ਦੀ ਅਦਾਇਗੀ ਬਦਲੇ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਤਰਨਤਾਰਨ ਦੇ ਇੱਕ ਵਸਨੀਕ ਨੇ ਆਪਣੀ ਸ਼ਿਕਾਇਤ ਵਿੱਚ ਵਿਜੀਲੈਂਸ ਬਿਊਰੋ ਨੂੰ ਸੂਚਿਤ ਕੀਤਾ ਸੀ ਕਿ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ। ਲੋਕ ਸਭਾ ਚੋਣਾਂ ਦੌਰਾਨ ਵੀਡੀਓ ਕੈਮਰੇ ਲਗਾਏ ਗਏ ਸਨ, ਜਿਸ ਦੀ ਅਦਾਇਗੀ ਦੇ ਬਦਲੇ ਡੀਸੀ ਦੇ ਪੀਏ ਹਰਮਨਦੀਪ ਸਿੰਘ ਅਤੇ ਚੋਣ ਵਿਭਾਗ ਦੇ ਡਾਟਾ ਐਂਟਰੀ ਆਪਰੇਟਰ ਜਗਰੂਪ ਸਿੰਘ ਨੇ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਦੋਵਾਂ ਨੂੰ ਵੀਹ-ਵੀਹ ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ ਗਏ ਸਨ, ਜਦੋਂ ਕਿ ਵੀਹ ਹਜ਼ਾਰ ਰੁਪਏ ਦੇਣ ਦਾ ਸਮਾਂ ਬੁੱਧਵਾਰ ਨੂੰ ਤੈਅ ਕੀਤਾ ਗਿਆ ਸੀ।
ਬੁੱਧਵਾਰ ਨੂੰ ਵਿਜੀਲੈਂਸ ਟੀਮ ਨੇ ਦੋਵਾਂ ਦੋਸ਼ੀਆਂ ਨੂੰ ਵੀਹ ਹਜ਼ਾਰ ਰੁਪਏ ਲੈਂਦਿਆਂ ਕਾਬੂ ਕਰ ਲਿਆ। ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੇ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਦੀ ਅਦਾਇਗੀ ਉਪਰੰਤ ਵਸੂਲੀ ਕਰਨੀ ਸੀ। ਇਨ੍ਹਾਂ ਦੋਵਾਂ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਨੂੰ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਦੋਵਾਂ ਦੀ ਚੱਲ ਅਤੇ ਅਚੱਲ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ।
- PTC NEWS