ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਲੋਂ ਸੰਗਤਾਂ ਲਈ ਜਾਰੀ ਕੀਤੀ ਗਈ 24X7 ਵਿਸ਼ੇਸ਼ ਹੈਲਪ ਲਾਈਨ
ਨਾਂਦੇੜ: ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਦਰਸ਼ਨ ਦੀਦਾਰਿਆਂ ਲਈ ਦੁਨੀਆਂ ਭਰ ਤੋਂ ਆਉਣ ਵਾਲੀ ਸੰਗਤਾਂ ਲਈ ਗੁਰਦੁਆਰਾ ਕਮੇਟੀ ਵਲੋਂ ਇੱਕ ਵਿਸ਼ੇਸ਼ ਨਿਵੇਕਲੀ ਪਹਿਲ ਸਦਕਾ ਸੰਗਤਾਂ ਲਈ ਸੱਤੇ ਦਿਨ ਚੌਵੀ ਘੰਟਿਆਂ ਹੈਲਪ ਲਾਈਨ ਫੋਨ ਨੰਬਰ ਜਾਰੀ ਕੀਤਾ ਗਿਆ ਹੈ।
ਹੁਣ ਸੰਗਤਾਂ 24 ਘੰਟੇ 'ਚ ਕਦੋਂ ਵੀ '82977-82977' ਫੋਨ ਨੰਬਰ 'ਤੇ ਸੰਪਰਕ ਕਰਕੇ ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਤੋਂ ਪਹਿਲਾਂ, ਕਮਰਿਆਂ ਦੀ ਬੁਕਿੰਗ, ਅਖੰਡ ਪਾਠ ਦੀ ਬੁਕਿੰਗ ਅਤੇ ਹੋਰ ਵੱਖ ਵੱਖ ਸੇਵਾਵਾਂ ਦਾ ਲਾਭ ਲੈ ਸਕਦੀਆਂ ਹਨ। ਗੁਰਦੁਆਰਾ ਕਮੇਟੀ ਦਾ ਕਹਿਣਾ, "ਇਸ ਕਾਲ ਸੈਂਟਰ ਵਿੱਚਲੇ ਸਮੂੰਹ ਸੇਵਾਦਾਰ ਖਿੜੇ ਮੱਥੇ, ਆਪਜੀ ਦੀ ਸੇਵਾ ਵਿੱਚ ਤੱਤਪਰ ਹਨ। ਸੰਗਤਾਂ ਨੂੰ ਬੇਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਅਸੀਂ ਹਮੇਸ਼ਾਂ ਵਚਨਬੱਧ ਹਾਂ।"
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਦਾ ਇਤਿਹਾਸ ਸੰਖੇਪ 'ਚ
ਹਜ਼ੂਰ ਸਾਹਿਬ ਜਿਸ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਚਲਨਗਰ ਸਾਹਿਬ ਨਾਂਦੇੜ ਵਜੋਂ ਵੀ ਕਿਹਾ ਜਾਂਦਾ ਹੈ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੁਆਰਾ 1832 ਅਤੇ 1837 ਦੇ ਵਿਚਕਾਰ ਬਣਾਇਆ ਗਿਆ ਸੀ। ਇਹ ਭਾਰਤ ਦੇ ਮਹਾਰਾਸ਼ਟਰ ਰਾਜ ਦੇ ਨਾਂਦੇੜ ਸ਼ਹਿਰ ਵਿੱਚ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਹੈ।
ਇਹ ਗੁਰਦੁਆਰਾ ਸਾਹਿਬ ਉਸ ਸਥਾਨ 'ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਸੰਸਾਰਕ ਜੀਵਨ ਤਿਆਗ ਜਯੋਤੀ-ਜੋਤਿ ਸਮਾ ਅਕਾਲ ਪੁਰਖ ਵਾਹਿਗੁਰੂ 'ਚ ਅਭੇਦ ਹੋ ਗਏ ਸਨ। ਹਜ਼ੂਰ ਸਾਹਿਬ ਕੰਪਲੈਕਸ ਦੇ ਅੰਦਰ ਗੁਰਦੁਆਰਾ ਸੱਚਖੰਡ ਵਜੋਂ ਜਾਣਿਆ ਜਾਂਦਾ ਹੈ। ਗੁਰਦੁਆਰੇ ਦੇ ਅੰਦਰਲੇ ਕਮਰੇ ਨੂੰ ਅੰਗੀਠਾ ਸਾਹਿਬ ਕਿਹਾ ਜਾਂਦਾ ਹੈ ਅਤੇ ਇਹ ਉਸ ਥਾਂ ਉੱਤੇ ਬਣਿਆ ਹੈ ਜਿੱਥੇ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਲਦੀ ਚਿਖ਼ਾ 'ਚ ਆਪਣੇ ਨੀਲੇ ਘੋੜੇ ਸਮੇਤ ਪ੍ਰਵੇਸ਼ ਕੀਤਾ ਸੀ ਅਤੇ ਦੁਨੀਆ ਤੋਂ ਅਲੋਪ ਹੋ ਗਏ, ਕਾਬਲੇਗੌਰ ਹੈ ਕਿ ਇਸ ਅਸਥਾਨ 'ਤੇ ਬਾਅਦ ਵਿਚ ਸਿੱਖਾਂ ਨੂੰ ਨਾ ਤਾਂ ਦਸਵੇਂ ਪਾਤਸ਼ਾਹ ਅਤੇ ਨਾ ਹੀ ਨੀਲੇ ਦੇ ਕੋਈ ਫੁੱਲ (ਹੱਡੀਆਂ) ਮਿਲੇ।
ਹਜ਼ੂਰ ਸਾਹਿਬ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿੱਚ ਆਪਣਾ ਡੇਰਾ ਲਾਇਆ ਸੀ। ਗੁਰੂ ਜੀ ਨੇ ਇੱਥੇ ਆਪਣਾ ਦਰਬਾਰ ਅਤੇ ਸੰਗਤ ਰੱਖੀ ਅਤੇ ਦੋ ਕਾਤਲਾਂ ਦੁਆਰਾ ਹਮਲਾ ਕੀਤੇ ਜਾਣ ਤੋਂ ਬਾਅਦ ਆਰਾਮ ਵੀ ਕੀਤਾ। ਹਮਲਾਵਰਾਂ ਵਿੱਚੋਂ ਇੱਕ ਨੇ ਗੁਰੂ ਜੀ ਨੂੰ ਚਾਕੂ ਮਾਰਿਆ ਅਤੇ ਗੁਰੂ ਸਾਹਿਬ ਨੇ ਉਸਨੂੰ ਤਲਵਾਰ ਦੇ ਇੱਕ ਵਾਰ ਨਾਲ ਮਾਰ ਗਿਰਾਇਆ।
ਆਪਣੇ ਸਾਥੀ ਦਾ ਸਿਰ ਕਲਮ ਹੁੰਦੇ ਵੇਖ ਦੂਜਾ ਹਮਲਾਵਰ ਉਥੋਂ ਭੱਜ ਗਿਆ ਅਤੇ ਸਿੱਖ ਪਹਿਰੇਦਾਰਾਂ ਵਲੋਂ ਮਾਰ ਦਿੱਤਾ ਗਿਆ। ਗੁਰੂ ਜੀ ਦਾ ਜ਼ਖ਼ਮ ਡੂੰਘਾ ਸੀ ਪਰ ਸ਼ੁਰੂ ਵਿੱਚ ਭਾਰਤ ਦੇ ਬਾਦਸ਼ਾਹ ਅਤੇ ਗੁਰੂ ਸਾਹਿਬ ਦੇ ਸ਼ਰਧਾਲੂ ਬਹਾਦਰ ਸ਼ਾਹ ਵਲੋਂ ਭੇਜੇ ਗਏ ਇੱਕ ਅੰਗਰੇਜ਼ ਸਰਜਨ, ਜੋ ਬਾਦਸ਼ਾਹ ਦੇ ਡਾਕਟਰ ਵਜੋਂ ਸੇਵਾ ਕਰਦਾ ਸੀ, ਵਲੋਂ ਟਾਂਕੇ ਲਾਉਣ ਤੋਂ ਬਾਅਦ ਠੀਕ ਹੋ ਗਿਆ ਸੀ। ਹਾਲਾਂਕਿ ਇਹ ਜ਼ਖ਼ਮ ਕੁਝ ਦਿਨਾਂ ਬਾਅਦ ਦੁਬਾਰਾ ਹਰਾ ਹੋ ਗਿਆ। ਇਸ ਮਗਰੋਂ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਆਪਣਾ ਉੱਤਰਾਧਿਕਾਰੀ ਘੋਸ਼ਿਤ ਕਰ ਗੁਰਗੱਦੀ ਸੌਂਪ ਦਿੱਤੀ, ਉਦੋਂ ਤੋਂ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਜਿਉਂਦੇ-ਜਾਗਦੇ ਗੁਰੂ ਹਨ।
ਤਖ਼ਤ ਸਾਹਿਬ ਦਾ ਪ੍ਰਬੰਧ ਕੌਣ ਕਰਦਾ ?
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਕੰਟਰੋਲ, ਜੋ ਪਹਿਲਾਂ ਉਦਾਸੀ ਸਿੱਖ ਪੁਜਾਰੀਆਂ ਦੇ ਹੱਥਾਂ ਵਿਚ ਚਲਾ ਗਿਆ ਸੀ, ਨੂੰ ਉਨ੍ਹੀਵੀਂ ਸਦੀ ਦੇ ਅੰਤ ਵਿਚ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਸਿੱਖਾਂ ਨੇ ਵਾਪਸ ਲੈ ਲਿਆ ਸੀ। ਇਸ ਤਖ਼ਤ ਸਾਹਿਬ ਦੀਆਂ ਕੁਝ ਰਸਮਾਂ ਵਿਸ਼ੇਸ਼ ਹਨ। 1956 ਵਿੱਚ ਹੈਦਰਾਬਾਦ ਵਿਧਾਨ ਸਭਾ ਦੁਆਰਾ ਇੱਕ ਐਕਟ ਪਾਸ ਕੀਤਾ ਗਿਆ ਸੀ ਜਿਸ ਦੇ ਤਹਿਤ ਤਖ਼ਤ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਕਾਨੂੰਨੀ ਤੌਰ 'ਤੇ 17 ਮੈਂਬਰੀ ਗੁਰਦੁਆਰਾ ਬੋਰਡ ਅਤੇ ਪੰਜ ਮੈਂਬਰੀ ਪ੍ਰਬੰਧਕ ਕਮੇਟੀ ਦੇ ਅਧੀਨ ਰੱਖਿਆ ਗਿਆ।
ਹੋਰ ਦਿਲਚਸਪ ਤੱਥ
- PTC NEWS