Tahawwur Rana News : ਭਾਰਤ ਆਉਣ ਤੋਂ ਬਾਅਦ ਤਹੱਵੁਰ ਰਾਣਾ ਦੀ ਪਹਿਲੀ ਤਸਵੀਰ ਆਈ ਸਾਹਮਣੇ ,NIA ਨੇ ਹਵਾਈ ਅੱਡੇ ਤੋਂ ਹੀ ਕੀਤਾ ਗ੍ਰਿਫ਼ਤਾਰ
Tahawwur Rana News : 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਦੀ ਭਾਰਤ ਪਹੁੰਚਣ ਤੋਂ ਬਾਅਦ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਅਧਿਕਾਰੀ ਉਸਨੂੰ ਗ੍ਰਿਫਤਾਰ ਕਰਦੇ ਦਿਖਾਈ ਦੇ ਰਹੇ ਹਨ। ਤਹੱਵੁਰ ਰਾਣਾ ਨੂੰ NIA ਨੇ ਹਵਾਈ ਅੱਡੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ। ਹੁਣ ਤਹਵੁਰ ਰਾਣਾ ਦੀ ਡਾਕਟਰੀ ਜਾਂਚ ਹੋਵੇਗੀ ਅਤੇ ਫਿਰ ਐਨਆਈਏ ਉਸਨੂੰ ਅਦਾਲਤ ਵਿੱਚ ਪੇਸ਼ ਕਰੇਗੀ।
ਰਾਣਾ ਨੂੰ ਅੱਜ ਸ਼ਾਮ ਲਗਭਗ 6:30 ਵਜੇ ਅਮਰੀਕਾ ਦੇ ਗਲਫਸਟ੍ਰੀਮ G550 ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ। ਇਹ ਜਹਾਜ਼ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਉਤਰਿਆ। ਇੱਥੋਂ ਉਸਨੂੰ ਸਿੱਧਾ ਐਨਆਈਏ ਹੈੱਡਕੁਆਰਟਰ ਲਿਜਾਇਆ ਗਿਆ। ਸੂਤਰਾਂ ਅਨੁਸਾਰ, 26/11 ਅੱਤਵਾਦੀ ਹਮਲੇ ਨਾਲ ਸਬੰਧਤ ਕੇਸ ਫਾਈਲਾਂ ਅਤੇ ਹੇਠਲੀ ਅਦਾਲਤ ਦੇ ਦਸਤਾਵੇਜ਼ ਹੁਣ ਦਿੱਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਪਹੁੰਚ ਗਏ ਹਨ।
ਰਾਣਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਉੱਚ ਸੁਰੱਖਿਆ ਵਾਲੇ ਵਾਰਡ ਵਿੱਚ ਰੱਖਿਆ ਜਾਵੇਗਾ। ਜੇਲ੍ਹ ਪ੍ਰਸ਼ਾਸਨ ਨੇ ਇਸ ਲਈ ਜ਼ਰੂਰੀ ਪ੍ਰਬੰਧ ਕੀਤੇ ਹਨ। ਹਾਲਾਂਕਿ, ਉਸਨੂੰ ਕਦੋਂ ਅਤੇ ਕਿਸ ਵਾਰਡ ਵਿੱਚ ਰੱਖਿਆ ਜਾਵੇਗਾ, ਇਸ ਬਾਰੇ ਅੰਤਿਮ ਫੈਸਲਾ ਅਦਾਲਤ ਦੇ ਹੁਕਮ ਤੋਂ ਬਾਅਦ ਹੀ ਲਿਆ ਜਾਵੇਗਾ। ਜਾਂਚ ਏਜੰਸੀ ਐਨਆਈਏ ਅਤੇ ਖੁਫੀਆ ਏਜੰਸੀ ਰਾਅ ਦੀ ਇੱਕ ਸਾਂਝੀ ਟੀਮ ਬੁੱਧਵਾਰ ਨੂੰ ਰਾਣਾ ਨੂੰ ਲੈ ਕੇ ਅਮਰੀਕਾ ਤੋਂ ਰਵਾਨਾ ਹੋਈ ਸੀ।
ਦੱਸ ਦੇਈਏ ਕਿ ਤਹਵੁਰ ਰਾਣਾ ਨੂੰ FBI ਨੇ ਅਕਤੂਬਰ 2009 ਵਿੱਚ ਅਮਰੀਕਾ ਦੇ ਸ਼ਿਕਾਗੋ ਵਿੱਚ ਗ੍ਰਿਫਤਾਰ ਕੀਤਾ ਸੀ। ਉਸ 'ਤੇ ਮੁੰਬਈ ਅਤੇ ਕੋਪਨਹੇਗਨ ਵਿੱਚ 26/11 ਦੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਉਣ ਦਾ ਦੋਸ਼ ਸੀ। ਤਹਵੁਰ ਰਾਣਾ ਨੂੰ ਮੁੰਬਈ ਹਮਲੇ ਦੇ ਮਾਸਟਰਮਾਈਂਡ ਰਿਚਰਡ ਹੈਡਲੀ ਦੀ ਗਵਾਹੀ ਦੇ ਆਧਾਰ 'ਤੇ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
- PTC NEWS