T20 World Cup : ਫਾਈਨਲ ਦੀ ਟਿਕਟ ਲਈ ਅੱਜ ਭਿੜਨਗੇ ਭਾਰਤ ਤੇ ਇੰਗਲੈਂਡ
ਐਡੀਲੇਡ : ਟੀ-20 ਵਰਲਡ ਕੱਪ 2022 ਦੇ ਦੂਜੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ। ਗਰੁੱਪ ਸਟੇਜ ਵਿੱਚ ਭਾਰਤ ਨੇ ਪੰਜ ਵਿੱਚ ਪੰਜ ਵਿਚੋਂ ਚਾਰ ਮੈਚ ਜਿੱਤੇ ਹਨ। ਇੰਗਲੈਡ ਤਿੰਨ ਮੁਕਾਬਲੇ ਜਿੱਤ ਕੇ ਨਾਕਆਊਟ ਸਟੇਜ ਵਿਚ ਪੁੱਜਿਆ ਹੈ। ਇਹ ਮੁਕਾਬਲਾ ਐਡੀਲੇਡ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਇੰਗਲੈਂਡ ਟੀਮ ਦਾ ਸਭ ਤੋਂ ਮਜ਼ਬੂਤ ਪਹਿਲੂ ਉਸ ਦੀ ਬੱਲੇਬਾਜ਼ੀ ਹੈ। ਟੀਮ ਕੋਲ 9ਵੇਂ ਨੰਬਰ ਤੱਕ ਬੱਲੇਬਾਜ਼ ਹਨ। ਅਜਿਹੇ 'ਚ ਭਾਰਤ ਲਈ ਇਸ ਬੱਲੇਬਾਜ਼ੀ ਲਾਈਨਅੱਪ ਨਾਲ ਨਜਿੱਠਣਾ ਵੱਡੀ ਚੁਣੌਤੀ ਹੋਵੇਗੀ। ਇੰਗਲੈਂਡ ਕੋਲ ਮਾਰਕ ਵੁੱਡ ਵਰਗਾ ਜ਼ਬਰਦਸਤ ਤੇਜ਼ ਗੇਂਦਬਾਜ਼ ਵੀ ਹੈ। ਉਸ ਨੇ ਹੁਣ ਤੱਕ 4 ਮੈਚ ਖੇਡੇ ਹਨ ਅਤੇ 9 ਵਿਕਟਾਂ ਲਈਆਂ ਹਨ। ਨਿਊਜ਼ੀਲੈਂਡ ਖਿਲਾਫ਼ ਉਸ ਨੇ 154.74 ਦੀ ਰਫ਼ਤਾਰ ਯਾਨੀ ਲਗਭਗ 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ। ਮੌਜੂਦਾ ਵਿਸ਼ਵ ਕੱਪ ਵਿੱਚ ਮਾਰਕ ਵੁੱਡ ਸਭ ਤੋਂ ਤੇਜ਼ ਗੇਂਦਬਾਜ਼ ਹੈ। ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਸੈਮ ਕੁਰਾਨ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਸ ਨੇ 4 ਮੈਚਾਂ 'ਚ 10 ਵਿਕਟਾਂ ਲਈਆਂ ਹਨ।
ਇੰਗਲੈਂਡ ਨੇ ਗਰੁੱਪ 'ਚ 4 ਮੈਚ ਖੇਡੇ ਹਨ। ਆਸਟਰੇਲੀਆ ਖਿਲਾਫ਼ ਉਸਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਜਿੱਥੇ ਟੀਮ ਨੇ ਨਿਊਜ਼ੀਲੈਂਡ ਵਰਗੀ ਮਜ਼ਬੂਤ ਟੀਮ ਨੂੰ ਹਰਾ ਕੇ ਆਪਣੀ ਦਾਅਵੇਦਾਰੀ ਸਾਬਤ ਕੀਤੀ। ਇਸ ਦੇ ਨਾਲ ਹੀ ਆਇਰਲੈਂਡ ਖਿਲਾਫ਼ ਉਨ੍ਹਾਂ ਦੀ ਹਾਰ ਦਰਸਾਉਂਦੀ ਹੈ ਕਿ ਉਨ੍ਹਾਂ ਨੂੰ ਹਰਾਉਣਾ ਜ਼ਿਆਦਾ ਮੁਸ਼ਕਲ ਨਹੀਂ ਹੈ।
ਇਹ ਵੀ ਪੜ੍ਹੋ: ਰਜਿੰਦਰ ਸਿੰਘ ਧਾਮੀ ਮੁੜ ਬਣੇ SGPC ਦੇ ਪ੍ਰਧਾਨ
ਭਾਰਤ ਦੀ ਗੱਲ ਕਰੀਏ ਤਾਂ ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸੁਪਰ 12 ਵਿੱਚ ਉਸ ਨੇ 5 ਵਿੱਚੋਂ 4 ਮੈਚ ਜਿੱਤੇ। ਭਾਰਤ ਦੱਖਣੀ ਅਫਰੀਕਾ ਤੋਂ ਇਕ ਮੈਚ ਹਾਰ ਗਿਆ ਸੀ। ਵਿਰਾਟ ਕੋਹਲੀ ਅਤੇ ਸੂਰਿਆ ਕੁਮਾਰ ਯਾਦਵ ਤੋਂ ਇਲਾਵਾ ਕੇਐੱਲ ਰਾਹੁਲ ਮੁੜ ਤੋਂ ਲੈਅ 'ਚ ਨਜ਼ਰ ਆ ਰਹੇ ਹਨ। ਉਸ ਨੇ ਜ਼ਿੰਬਾਬਵੇ ਖਿਲਾਫ਼ ਆਪਣੇ ਆਖਰੀ ਮੈਚ ਵਿੱਚ ਅਰਧ ਸੈਂਕੜਾ ਲਗਾਇਆ ਸੀ। ਸੂਰਿਆ ਕੁਮਾਰ ਤੇ ਕੋਹਲੀ ਇਸ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਸਭ ਤੋਂ ਵੱਡੀ ਤਾਕਤ ਸਾਬਤ ਹੋਏ ਹਨ। ਸੂਰਿਆ ਕੁਮਾਰ ਦੇ ਤਿੰਨ ਅਰਧ ਸੈਂਕੜੇ ਤੇ 360 ਡਿਗਰੀ ਸ਼ਾਟ ਨਾ ਸਿਰਫ਼ ਚਰਚਾ ਦਾ ਵਿਸ਼ਾ ਰਹੇ, ਸਗੋਂ ਭਾਰਤ ਦੀ ਜਿੱਤ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਇਸ ਵਿਸ਼ਵ ਕੱਪ 'ਚ ਟੀਮ ਇੰਡੀਆ ਦੀ ਤੇਜ਼ ਗੇਂਦਬਾਜ਼ੀ ਸ਼ਾਨਦਾਰ ਰਹੀ ਹੈ। ਅਰਸ਼ਦੀਪ ਸਿੰਘ ਅਤੇ ਮੁਹੰਮਦ ਸ਼ਮੀ ਦੇ ਨਾਲ-ਨਾਲ ਭੁਵਨੇਸ਼ਵਰ ਕੁਮਾਰ ਨੇ ਵੀ ਟੂਰਨਾਮੈਂਟ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਭੁਵੀ ਨੇ 5 ਮੈਚਾਂ 'ਚ 4 ਵਿਕਟਾਂ ਲਈਆਂ ਹਨ।
- PTC NEWS